ਭਾਖੜਾ ਨਹਿਰ 'ਚ ਕਾਰ ਡਿੱਗਣ ਕਰਕੇ ਦੋ ਦੀ ਮੌਤ

02/15/2020 6:46:22 PM

ਰੂਪਨਗਰ (ਸੱਜਣ ਸੈਣੀ)— ਇਥੋਂ ਦੇ ਪਿੰਡ ਆਲੋਵਾਲ ਨੇੜੇ ਭਾਖੜਾ ਨਹਿਰ 'ਚ ਇਕ ਇੰਡੀਕਾ ਕਾਰ ਦੇ ਡਿੱਗਣ ਦੀ ਸੂਚਨਾ ਮਿਲੀ ਹੈ। ਹਾਲਾਂਕਿ ਕਾਰ ਚਾਲਕ ਨੇ ਤੈਰਦੇ ਹੋਏ ਆਪਣੀ ਜਾਨ ਬਚਾ ਲਈ ਪਰ ਕਾਰ 'ਚ ਸਵਾਰ ਕਾਰ ਚਾਲਕ ਦਾ ਪਿਤਾ ਅਤੇ ਉਸ ਦੀ ਭੂਆ ਅਜੇ ਪਾਣੀ 'ਚ ਲਾਪਤਾ ਦੱਸੇ ਜਾ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਐੱਸ. ਐੱਚ. ਓ. ਸੰਨੀ ਖੰਨਾ ਅਤੇ ਭਰਤਗੜ੍ਹ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਹਰਬੰਸ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

PunjabKesari

ਨਹਿਰ 'ਚੋਂ ਤੈਰ ਕੇ ਬਾਹਰ ਆਏ ਕਾਰ ਚਾਲਕ ਫੌਜੀ ਨੌਜਵਾਨ ਹੌਲਦਾਰ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਆਲੋਵਾਲ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਉਹ ਅੱਜ ਬਾਅਦ ਦੁਪਹਿਰ ਆਪਣੀ ਇੰਡੀਗੋ ਕਾਰ 'ਚ ਆਪਣੇ ਪਿਤਾ ਹਰਬੰਸ ਸਿੰਘ (55) ਪੁੱਤਰ ਪ੍ਰਕਾਸ਼ ਸਿੰਘ ਨੂੰ ਦਵਾਈ ਦੁਆ ਕੇ ਆਪਣੇ ਜੱਦੀ ਪਿੰਡ ਆਲੋਵਾਲ ਨੂੰ ਆ ਰਿਹਾ ਸੀ, ਰਸਤੇ 'ਚ ਉਸ ਦੀ ਭੂਆ ਗੀਤਾ ਦੇਵੀ (60) ਪਤਨੀ ਰਾਮ ਗੋਪਾਲ ਵਾਸੀ ਬੱਦੀ ਜ਼ਿਲਾ ਸੋਲਨ (ਹਿ.ਪ੍ਰ.) ਵੀ ਉਨ੍ਹਾਂ ਨੂੰ ਮਿਲ ਗਈ, ਉਸ ਨੂੰ ਵੀ ਉਨ੍ਹਾਂ ਨੇ ਕਾਰ ਵਿਚ ਬਿਠਾ ਲਿਆ, ਪਿੰਡ ਆਲੋਵਾਲ ਨਜ਼ਦੀਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਉਤਰ ਗਈ। ਮੈਨੂੰ ਪਾਣੀ ਵਿਚ ਤੈਰਨਾ ਆਉਂਦਾ ਹੋਣ ਕਾਰਣ ਮੈਂ ਕਾਰ ਵਿਚੋਂ ਬਾਹਰ ਨਿਕਲ ਆਇਆ। ਕਾਰ ਵਿਚ ਸਵਾਰ ਆਪਣੇ ਪਿਤਾ ਦੇ ਭੂਆ ਨੂੰ ਮੈਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਰ ਪਾਣੀ ਵਿਚ ਡੁੱਬ ਗਈ ਜਿਸ ਤੋਂ ਬਾਅਦ ਮੈਂ ਤੈਰ ਕੇ ਨਹਿਰ ਵਿਚੋਂ ਬਾਹਰ ਆ ਗਿਆ।

ਕੀ ਕਹਿਣੈ ਥਾਣਾ ਮੁਖੀ ਦਾ
ਥਾਣਾ ਮੁਖੀ ਸੰਨੀ ਖੰਨਾ ਨੇ ਦੱਸਿਆ ਕਿ ਨਹਿਰ ਵਿਚ ਰੁੜ੍ਹੇ ਭੈਣ-ਭਰਾ ਅਤੇ ਕਾਰ ਨੂੰ ਬਾਹਰ ਕੱਢਣ ਲਈ ਰੋਪੜ ਤੋਂ ਗੋਤਾਖੋਰ ਬੁਲਾਏ ਗਏ, ਜਿਨ੍ਹਾਂ ਨੇ ਨਹਿਰ ਵਿਚ ਰੁੜ੍ਹੀ ਕਾਰ ਅਤੇ ਕਾਰ ਵਿਚ ਸਵਾਰ ਹਰਬੰਸ ਸਿੰਘ ਅਤੇ ਉਸ ਦੀ ਭੈਣ ਗੀਤਾ ਦੇਵੀ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਸਨ। ਥਾਣਾ ਮੁਖੀ ਸੰਨੀ ਖੰਨਾ ਸ੍ਰੀ ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਪੁਲਸ ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।


shivani attri

Content Editor

Related News