ਫਿਲੌਰ ਪਹੁੰਚੇ ਭਗਵੰਤ ਮਾਨ ਲੋਕਾਂ ਦੇ ਹੋਏ ਰੂ-ਬ-ਰੂ, ਕੀਤੇ ਵੱਡੇ ਦਾਅਵੇ

01/28/2022 1:15:56 PM

ਫਿਲੌਰ : ਆਮ ਆਦਮੀ ਪਾਰਟੀ ਦਾ ਸੀ. ਐੱਮ. ਚਿਹਰਾ ਐਲਾਨੇ ਗਏ ਭਗਵੰਤ ਮਾਨ ਵੱਲੋਂ ਅੱਜ ਫਿਲੌਰ ਵਿਖੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਵਾਂਗੇ। ਉਨ੍ਹਾਂ ਕਿਹਾ ਕਿ ਮੌਜੂਦ ਸਰਕਾਰ ’ਚ ਬੇਰੁਜ਼ਗਾਰੀ ਕਾਰਨ ਪੰਜਾਬ ਦੇ ਲੋਕ ਮਜ਼ਬੂਰੀ ’ਚ ਖੇਤੀਬਾੜੀ ਦਾ ਕੰਮ ਕਰਦੇ ਹਨ ਪਰ ‘ਆਪ’ ਦੀ ਸਰਕਾਰ ਆਉਣ ’ਤੇ ਖੇਤੀਬਾੜੀ ’ਚ ਸੁਧਾਰ ਲਿਆਂਦਾ ਜਾਵੇਗਾ ਅਤੇ ਖੇਤੀਬਾੜੀ ’ਚ ਸਪੈਸ਼ਿਲਸਟ ਬੰਦਿਆਂ ਨੂੰ ਅਹੁਦਿਆਂ ’ਤੇ ਨਿਯੁਕਤ ਕਰ ਕੇ ਖੇਤੀਬਾੜੀ ’ਚ ਨਵੇਂ ਉਦਯੋਗ ਪੈਦਾ ਕੀਤੇ ਜਾਣਗੇ। ਮਾਨ ਨੇ ਕਿਹਾ ਕਿ ਪੰਜਾਬ ਦਾ ਸਾਰਾ ਵਪਾਰ ਦੂਜੇ ਸੂਬਿਆਂ ਦੇ ਹੱਥਾਂ ’ਚ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਟਿਕਟ ਕੱਟੇ ਜਾਣ ਤੋਂ ਭੜਕੀ ਸਤਵਿੰਦਰ ਬਿੱਟੀ, ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ

ਭਗਵੰਤ ਮਾਨ ਨੇ ਫ਼ਿਲੌਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਪੰਜਾਬ ’ਚ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਇੱਥੋਂ ਦੇ ਸਰਕਾਰੀ ਸਕੂਲਾਂ ਦਾ ਸੁਧਾਰ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਪੜ੍ਹ-ਲਿਖ ਕੇ ਆਪਣਾ ਸੁਨਿਹਰੀ ਭਵਿੱਖ ਬਣਾ ਸਕਣ। ਉਨ੍ਹਾਂ ਕਿਹਾ ਕਿ ਸਕੂਲਾਂ ’ਚ ਕੱਚੇ ਅਧਿਆਪਕਾਂ ਨੂੰ ਪੱਕਾ ਵੀ ਕੀਤਾ ਜਾਵੇਗਾ ਅਤੇ ਤਨਖਾਹਾਂ ’ਚ ਵਾਧਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਬਾਕੀ ਸਾਰੇ ਕੰਮ ਕਰਵਾਏ ਜਾਂਦੇ ਹਨ ਜਿਵੇਂ ਕਦੇ ਚੋਣਾਂ ’ਚ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ ਜਾਂ ਕੋਰੋਨਾ ਕਾਲ ਦੌਰਾਨ ਵੱਖ-ਵੱਖ ਡਿਊਟੀਆਂ ’ਤੇ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇਗਾ। ਮਾਨ ਨੇ ਪੰਜਾਬ ’ਚ ਪਾਣੀ ਦੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਦੀ ਲੀਕੇਜ ਜੋ ਹਰੀਕੇ ਪੱਤਣ ਤੋਂ ਹੋ ਕੇ ਪਾਕਿਸਤਾਨ ਵੱਲ ਜਾ ਰਿਹਾ ਹੈ ਉਸ ਨੂੰ ਰੋਕਿਆ ਜਾਵੇਗਾ ਤਾਂ ਜੋ ਪੰਜਾਬ ’ਚ ਖੇਤੀਬਾੜੀ ਲਈ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਜੇਲ੍ਹ ਤੋਂ ਸੱਤਾ ਦੀ ਖੇਡ, ਹੁਣ ਤੱਕ ਨਹੀਂ ਟੁੱਟਿਆ ਸਿਮਰਨਜੀਤ ਸਿੰਘ ਮਾਨ ਦਾ ਰਿਕਾਰਡ

ਕਾਂਗਰਸ ’ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਪੰਜਾਬ ਦੇ ਮੁੱਦਿਆਂ ਤੋਂ ਹਟ ਕੇ ਮੁੱਖ ਮੰਤਰੀ ਦੀ ਕੁਰਸੀ ਵੱਲ ਹੈ। ਰਾਹੁਲ ਗਾਂਧੀ ਦੀ ਜਲੰਧਰ ਫੇਰੀ ’ਤੇ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਦੇ ਚੱਕਰ ’ਚ ਪੰਜਾਬ ਆਏ ਸਨ ਅਤੇ ਅਸੀਂ ਪੰਜਾਬ ਬਣਾਉਣ ਦੇ ਚੱਕਰ ’ਚ ਘੁੰਮ ਰਹੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ’ਤੇ ਬਿਨ੍ਹਾਂ ਨਾਮ ਲੈਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਕੰਮ ਲੈਂਦੀ ਹੈ ਅਤੇ ਅਸੀਂ ਪੰਜਾਬ ਪੁਲਸ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਵਾਂਗੇ ਅਤੇ ਪੁਲਸ ਦੇ ਕੰਮ ’ਚ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha