ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਭਗਤ ਸਿੰਘ ਦੇ ਵਿਚਾਰਾਂ ''ਤੇ ਲੜਾਈ ਲੜਨਾ ਸਮੇਂ ਦੀ ਮੁੱਖ ਲੋੜ

09/28/2020 5:08:46 PM

ਗੁਰਾਇਆ (ਮੁਨੀਸ਼ ਬਾਵਾ)-ਗੁਰਾਇਆ ਤੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈੱਡਰੇਸ਼ਨ ਦੇ ਸੈਂਕੜਾਂ ਵਰਕਰਾਂ ਵੱਲੋਂ ਵਿਸ਼ਾਲ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਦਾ ਮਾਰਚ ਕੀਤਾ ਗਿਆ ਜੋ ਵੱਖ-ਵੱਖ ਪਿੰਡਾਂ 'ਚੋਂ ਹੁੰਦਾ ਹੋਇਆ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਇਕੱਠਾ ਹੋਇਆ। ਇਸ ਮਾਰਚ ਦੀ ਅਗਵਾਈ ਦਲਵਿੰਦਰ ਕੁਲਾਰ, ਗੁਰਦੀਪ ਗੋਗੀ, ਬਹਾਦਰ ਮੁਕੰਦਪੁਰ, ਸਤਨਾਮ ਸੁੱਜੋ, ਮਨਜਿੰਦਰ ਢੇਸੀ ਨੇ ਕੀਤੀ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਲੜਾਈ ਇਕੱਠਿਆਂ ਹੋ ਕੇ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਕੁੱਟਿਆ ਜਾ ਰਿਹਾ ਹੈ ਅਤੇ ਨੌਜਵਾਨਾ ਨੂੰ ਨਸ਼ਿਆਂ ਦੀ ਦਲਦਲ 'ਚ ਸੁੱਟਿਆ ਜਾ ਰਿਹਾ ਹੈ, ਉੱਥੇ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਆਪਣੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਲਈ ਨੌਜਵਾਨਾਂ ਨੂੰ ਵਰਤਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਲੋਕਤੰਤਰਿਕ ਸੰਸਥਾਵਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਨਵੀਂ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਕੇ ਦੇਸ਼ ਦੇ 95 ਫੀਸਦੀ ਬੱਚਿਆਂ ਕੋਲੋਂ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ ਤੇ ਉੱਥੇ ਕਿਤਾਬੀ ਸਿਲੇਬਸ 
'ਚ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ।ਉਹਨਾਂ ਕੇਂਦਰ ਸਰਕਾਰ ਦੁਆਰਾ ਹਾਲ ਹੀ 'ਚ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਾ ਕਰਨ ਲਈ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਉਹਨਾਂ ਕਿਹਾ ਕਿ ਦੇਸ਼ ਦੇ ਹਾਕਮ ਅੱਜ ਜਵਾਨੀ ਅਤੇ ਕਿਸਾਨੀ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਹਨ, ਜਦਕਿ ਹਾਕਮਾਂ ਦੇ ਇਹ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਿਰਫ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਦੀ ਲੜਾਈ ਲੜ ਕੇ ਹੀ ਹਕੂਮਤਾਂ ਦੇ ਮੂੰਹ ਤੋੜੇ ਜਾ ਸਕਦੇ ਹਨ। ਇਸ ਮੌਕੇ ਮੱਖਣ ਸੰਗਰਾਮੀ, ਜੱਸਾ ਰੁੜਕਾ, ਭਾਰਤੀ ਮਹੂੰਵਾਲ, ਲਾਡੀ ਮੱਲੀ, ਮਲਕੀਤ ਸਿੰਘ, ਰਿੱਕੀ ਮਿਓਵਾਲ, ਸਨੀ ਜੱਸਲ, ਸੰਦੀਪ ਸਿੰਘ, ਪ੍ਰਭਾਤ ਕਵੀ ਆਦਿ ਵੀ ਸ਼ਾਮਲ ਸਨ।

Aarti dhillon

This news is Content Editor Aarti dhillon