ਕੰਮ ਨਾ ਮਿਲਣ ''ਤੇ ਬੱਚਿਆਂ ''ਚ ਵਧੀ ਜੁਰਮ ਦੀ ਭਾਵਨਾ

12/30/2019 2:15:26 PM

ਨਵਾਂਸ਼ਹਿਰ (ਤ੍ਰਿਪਾਠੀ)— ਇੰਝ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮੇਂ 'ਚ ਭੀਖ ਮੰਗਣਾ ਇਕ ਧੰਦਾ ਬਣ ਚੁੱਕਾ ਹੈ ਕਿਉਂਕਿ ਬੱਚੇ ਇਸ ਦੇ ਲਈ ਬਕਾਇਦਾ ਨਿਸ਼ਚਿਤ ਸਮੇਂ 'ਤੇ ਘਰ ਤੋਂ ਨਿਕਲਦੇ ਹਨ ਅਤੇ ਨਿਸ਼ਚਿਤ ਸਮੇਂ 'ਤੇ ਘਰ ਵਾਪਸ ਮੁੜਦੇ ਹਨ। ਵੱਖ-ਵੱਖ ਸਮੇਂ 'ਤੇ ਵੱਖ-ਵੱਖ ਸਥਾਨਾਂ 'ਤੇ ਡਿਊਟੀ ਦੀ ਤਰ੍ਹਾਂ ਡਿਊਟੀ ਦਿੱਤੀ ਜਾਂਦੀ ਹੈ, ਜੋ ਵੀ ਕਮਾਈ ਹੁੰਦੀ ਹੈ ਉਸਨੂੰ ਬਕਾਇਦਾ ਡੰਗ ਨਾਲ ਖਰਚ ਕੀਤਾ ਜਾਂਦਾ ਹੈ। ਵੈਸੇ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਛੋਟੇ ਬੱਚਿਆਂ 'ਤੇ ਤਰਸ ਖਾ ਕੇ ਭੀਖ ਦੇਣ ਦਾ ਮਤਲਬ ਹੈ, ਇਸ ਨੂੰ ਉਤਸ਼ਾਹਤ ਕਰਨਾ ਹੈ। ਇਸ ਲਈ ਇਕ ਸ਼ਹਿਰ ਤੋਂ ਬੱਚਾ ਅਗਵਾ ਕਰਕੇ ਦੂਜੇ ਸ਼ਹਿਰ ਭੇਜਿਆ ਜਾਂਦਾ ਹੈ। ਇਸਨੂੰ ਭੀਖ ਮੰਗਣ ਦੇ ਧੰਦੇ 'ਚ ਧਕੇਲ ਦਿੱਤਾ ਜਾਂਦਾ ਹੈ। ਪਰ ਆਮ ਤੌਰ 'ਤੇ ਪੁਲਸ ਗਰੀਬ ਮਾਤਾ-ਪਿਤਾ ਦੇ ਬੱਚੇ ਕਹਿ ਕੇ ਛਾਣਬੀਨ ਵੀ ਨਹੀਂ ਕਰਦੀ। ਜੇਕਰ ਛਾਣਬੀਣ ਹੋਵੇ ਤਾਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੁਝ ਬੱਚੇ ਅਗਵਾ ਕਰਕੇ ਲਿਆਏ ਗਏ ਮਿਲਣਗੇ। ਕਈ ਨੌਜਵਾਨ ਖੁਦ ਇਹ ਗੱਲ ਮੰਨਦੇ ਹਨ ਕਿ ਕੋਈ ਕੰਮ ਨਾ ਮਿਲਣ ਕਾਰਣ ਹੀ ਉਹ ਜ਼ੁਰਮ ਦੀ ਦੁਨੀਆਂ 'ਚ ਦਾਖਿਲ ਹੋ ਗਏ, ਜਿੱਥੋਂ ਵਾਪਸ ਮੁੜਨਾ ਅਸੰਭਵ ਹੈ।

ਸ਼ਾਇਦ ਭਾਰਤ ਹੀ ਇਕ ਅਜਿਹਾ ਦੇਸ਼ ਹੈ ਜਿੱਥੇ ਮਾਸੂਮ ਬਚਪਨ ਸੜਕਾਂ 'ਤੇ ਭਟਕ ਰਿਹਾ ਹੈ। ਫਿਰ ਇਸ ਨੂੰ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਇਹ ਬਚਪਨ ਵੱਡਾ ਹੋ ਕੇ ਮੁਜ਼ਰਿਮ ਜਾਂ ਨਸ਼ੇੜੀ ਨਹੀਂ ਬਣੇਗਾ? ਚਾਹੇ ਸਰਕਾਰ ਅਤੇ ਪ੍ਰਸ਼ਾਸਨ ਹੀ ਇਸ ਸਬੰਧੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਪਰ ਕੋਈ ਵੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਤਿਆਰ ਨਹੀਂ। ਸਮੇਂ ਦੀ ਲੋੜ ਹੈ ਕਿ ਇਸ ਮਾਮਲੇ ਨੂੰ ਬਾਲ ਮਜ਼ਦੂਰੀ ਤੋਂ ਵੀ ਪਹਿਲਾ ਉਠਾਇਆ ਜਾਵੇ।

'ਭੀਖ ਮੰਗਣਾ ਉਸ ਸਮੇਂ ਇਨ੍ਹਾਂ ਦੇ ਲਈ ਸ਼ਰਮਨਾਕ ਹੋਵੇਗਾ'
ਆਮ ਤੌਰ 'ਤੇ ਟ੍ਰੈਫਿਕ ਸਿਗਨਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਬਾਜ਼ਾਰ ਜਾਂ ਹੋਰ ਜਨਤਕ ਸਥਾਨਾਂ 'ਤੇ ਮਾਸੂਮ ਬਚਪਨ ਭੀਖ ਮੰਗਦਾ ਦਿਖਾਈ ਦਿੰਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਭੀਖ ਮੰਗਣਾ ਉਨ੍ਹਾਂ ਨੇ ਮਾਂ ਦੇ ਪੇਟ 'ਚੋਂ ਨਹੀਂ ਸਿੱਖਿਆ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ ਇਹ ਚਾਹੁੰਦੇ ਹਨ ਇਹ ਧੰਦਾ ਗਰੀਬ ਮਾਪਿਆਂ ਦੀ ਮਜ਼ਬੂਰੀ ਬਣ ਚੁੱਕਾ ਹੈ। ਅੱਜ ਦੇ ਬੱਚੇ ਕੱਲ ਨੂੰ ਕੀ ਬਣਨਗੇ ਇਸ ਬਾਰੇ ਕੁਝ ਕਿਹੀ ਨਹੀ ਜਾ ਸਕਦਾ ਕਿਉਂਕਿ ਉਹ ਵੱਡੇ ਹੋ ਕੇ ਪੜ੍ਹੇ-ਲਿਖੇ ਨਾ ਹੋਣ ਦੀ ਸੂਰਤ 'ਚ ਕੋਈ ਚੰਗਾ ਕੰਮ ਨਹੀਂ ਕਰ ਸਕਣਗੇ ਅਤੇ ਭੀਖ ਮੰਗਣਾ ਉਸ ਸਮੇਂ ਇਨ੍ਹਾਂ ਦੇ ਲਈ ਸ਼ਰਮਨਾਕ ਹੋਵੇਗਾ।

ਸਰਕਾਰ ਦੇ ਸਾਹਮਣੇ ਮੁੱਦੇ ਉਠਾਉਣ ਦਾ ਕੋਈ ਫਾਇਦਾ ਨਹੀਂ
ਸਮਾਜ ਸੇਵਕ ਸੰਦੀਪ ਪਰਿਹਾਰ, ਅਨਿਲ ਕੌਤਵਾਲ ਅਤੇ ਪੰਡਿਤ ਕਮਲ ਸ਼ਰਮਾ ਦਾ ਕਹਿਣਾ ਹੈ ਕਿ ਬੱਚਿਆਂ ਦਾ ਭੀਖ ਮੰਗਣਾ ਹੀ ਗਲਤ ਨਹੀਂ, ਸਗੋਂ ਬੱਚਿਆਂ 'ਤੇ ਤਰਸ ਖਾ ਕੇ ਭੀਖ ਦੇਣਾ ਵੀ ਗਲਤ ਹੈ ਕਿਉਂਕਿ ਜਦੋਂ ਕੋਈ ਜਵਾਨ ਭੀਖ ਮੰਗਦਾ ਹੈ ਤਾਂ ਉਸਨੂੰ ਜਵਾਬ ਮਿਲਦਾ ਹੈ 'ਹੱਟਾ ਕੱਟਾ ਹੈ ਕੋਈ ਕੰਮ ਕਿਉਂ ਨਹੀਂ ਕਰਦਾ'। ਕਿਉਂ ਭਰਾ ਹੁਣ ਤੁਸੀਂ ਉਸਨੂੰ ਭੀਖ ਕਿਉਂ ਨਹੀਂ ਦੇ ਸਕਦੇ, ਤੁਸੀਂ ਆਪ ਹੀ ਤਾਂ ਬਚਪਨ 'ਚ ਉਸਨੂੰ ਭੀਖ ਦੇ ਕੇ ਨਕਾਰਾ ਬਣਾਇਆ ਹੈ। ਹੁਣ ਉਸਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਹੈ। ਇਸਦੇ ਇਲਾਵਾ ਸਰਕਾਰ ਜਾਂ ਪ੍ਰਸ਼ਾਸਨ ਵੀ ਇਸ ਅਹਿਮ ਮੁੱਦੇ ਨੂੰ ਇਨ੍ਹਾਂ ਗੰਭੀਰਤਾ ਨਾਲ ਨਹੀਂ ਲੈਂਦਾ ਜਿੰਨੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਤੋਂ ਪਹਿਲਾ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਿਆ ਜਾਵੇ, ਤਾਂ ਕਿ ਉਹ ਵੱਡੇ ਹੋ ਕੇ ਮੁਜ਼ਰਿਮ ਜਾਂ ਨਸ਼ੇੜੀ ਨਾ ਬਣ ਜਾਣ।

ਵਿਦੇਸ਼ੀ ਮਹਿਮਾਨਾਂ ਨੂੰ ਕਰਦੇ ਹਨ ਇਮੋਸ਼ਨਲ ਬਲੈਕਮੇਲ
ਇਸ ਸਬੰਧੀ ਸ਼ਹਿਰ ਦੇ ਪਤਵੰਤੇ ਲੋਕਾਂ ਜਿਸ 'ਚ ਸਮਾਜ ਸੇਵਕ ਜੇ. ਪੀ. ਬਜਾਜ ਅਤੇ ਪ੍ਰਦੀਪ ਜੋਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਭੀਖ ਮੰਗਣ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਆਮ ਤੌਰ 'ਤੇ ਭੀਖ ਮੰਗਣ ਵਾਲੇ ਨਵਜਾਤ ਅਤੇ ਛੋਟੇ ਬੱਚਿਆਂ ਦੇ ਨਾਲ-ਨਾਲ ਅਪੰਗ ਲੋਕਾਂ ਨੂੰ ਨਾਲ ਲੈ ਕੇ ਖਾਸ ਕਰ ਸ਼ਹਿਰ 'ਚ ਆਉਣ ਵਾਲੇ ਐੱਨ.ਆਰ.ਆਈਜ਼ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਇਮੋਸ਼ਨਲ ਬਲੈਕਮੇਲ ਕਰਦੇ ਹਨ ਜਿਸ ਨਾਲ ਨਾ ਕੇਵਲ ਉਕਤ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਦੇਸ਼ ਦੀ ਪ੍ਰਤਿਸ਼ਠਾ ਵੀ ਪ੍ਰਭਾਵਿਤ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਭੀਖ ਮੰਗਣਾ ਕਾਨੂੰਨੀ ਤੌਰ 'ਤੇ ਅਪਰਾਧ ਐਲਾਨਿਆ ਗਿਆ ਤਾਂ ਇਸ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਸਰਕਾਰ ਦੀ ਯੋਜਨਾ ਦੇ ਤਹਿਤ ਭਿਖਾਰੀਆਂ ਦੀ ਦਸ਼ਾ ਸੁਧਾਰਨ ਲਈ ਲਾਗੂ ਯੋਜਨਾਵਾਂ ਨੂੰ ਅਮਲੀ ਤੌਰ 'ਤੇ ਲਾਗੂ ਕਰਕੇ ਇਸ ਸਮੱਸਿਆ ਨੂੰ ਸਮਾਜ 'ਚੋਂ ਜੜ੍ਹ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਕੀ ਕਹਿੰਦੇ ਹਨ ਐੱਸ. ਪੀ. ਬਲਵਿੰਦਰ ਸਿੰਘ ਭਿੱਖੀ
ਜਦੋਂ ਇਸ ਸਬੰਧੀ ਐੱਸ. ਪੀ. ਬਲਵਿੰਦਰ ਸਿੰਘ ਭਿੱਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਨਾਲ ਖਿਲਵਾੜ ਕਰਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ। ਜੇਕਰ ਭੀਖ ਮੰਗਣ ਸਬੰਧੀ ਕੋਈ ਸ਼ਿਕਾਇਤ ਪੁਲਸ ਦੇ ਨੋਟਿਸ ਲਿਆਈ ਜਾਂਦੀ ਹੈ ਤਾਂ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ
ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦਾ ਕਹਿਣਾ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਇਸ ਧੰਦੇ ਤੋਂ ਵੱਖ ਕਰਨ ਲਈ ਪਹਿਲਾ ਹੀ ਉਪਰਾਲੇ ਕੀਤੇ ਜਾ ਰਹੇ ਹਨ। ਨਵਾਂਸ਼ਹਿਰ 'ਚ ਅਜਿਹੇ ਬੱਚਿਆਂ ਦੇ ਲਈ ਕੰਮ ਕਰਨ ਦੇ ਵਾਲੀ ਇਕ ਸੰਸਥਾ ਦੇ ਸਹਿਯੋਗ ਨਾਲ ਭੀਖ ਮੰਗਣ ਵਾਲੇ ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਉਨ੍ਹਾਂ ਦੇ ਪਰਿਵਾਰ ਜਾਂ ਸਰਪ੍ਰਸਤ 'ਤੇ ਸਖਤ ਕਾਰਵਾਈ ਨੂੰ ਅਮਲ 'ਚ ਲਿਆਇਆ ਜਾਵੇਗਾ।

shivani attri

This news is Content Editor shivani attri