ਲੜਕੀ ਨੇ ਲਾਇਆ ਗੁਆਂਢੀ ''ਤੇ ਭੱਦੇ ਕੁਮੈਂਟ ਤੇ ਕੁੱਟਮਾਰ ਕਰਨ ਦਾ ਦੋਸ਼

05/22/2019 12:13:34 PM

ਜਲੰਧਰ (ਜ.ਬ.)— ਥਾਣਾ ਨੰਬਰ 8 ਦੀ ਚੌਕੀ ਫੋਕਲ ਪੁਆਇੰਟ ਦੇ ਅਧੀਨ ਸੰਤੋਖਪੁਰਾ ਗਲੀ ਨੰਬਰ 8 ਦੀ ਰਹਿਣ ਵਾਲੀ ਸੁਰਜੀਤ ਕੌਰ ਪੁੱਤਰੀ ਪ੍ਰਦੀਪ ਕੁਮਾਰ ਨੇ ਗੁਆਂਢ ਵਿਚ ਰਹਿਣ ਵਾਲੇ ਇਕ ਲੜਕੇ 'ਤੇ ਕੁੱਟਮਾਰ ਅਤੇ ਭੱਦੇ ਕੁਮੈਂਟ ਕਰਨ ਦਾ ਦੋਸ਼ ਲਗਾਇਆ ਹੈ। ਅੰਦਰੂਨੀ ਸੱਟਾਂ ਨਾਲ ਗੰਭੀਰ ਤੌਰ 'ਤੇ ਜ਼ਖਮੀ ਸਿਵਲ ਹਸਪਤਾਲ 'ਚ ਇਲਾਜ ਅਧੀਨ ਸੁਰਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 18 ਮਈ ਦੀ ਸ਼ਾਮ ਉਹ ਆਪਣੀ ਭੈਣ ਦੇ ਨਾਲ ਘਰ ਤੋਂ ਆਪਣੀ ਮਾਂ ਦੇ ਕੋਲ ਦੁਕਾਨ 'ਤੇ ਜਾ ਰਹੀ ਸੀ ਕਿ ਗਲੀ 'ਚ ਗੁਆਂਢ ਦੇ ਰਹਿਣ ਵਾਲੇ ਲੜਕੇ ਨੇ ਭੱਦੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਪਰ ਅਸੀਂ ਕੋਈ ਵਿਰੋਧ ਨਾ ਕਰਦੇ ਹੋਏ ਉਸ ਦਾ ਭਰਾ ਜੋ ਅੱਗੇ ਕਾਰ 'ਚ ਬੈਠਾ ਹੋਇਆ ਸੀ, ਉਸ ਨੂੰ ਕਹਿਣਾ ਚਾਹਿਆ ਪਰ ਉਹ ਵੀ ਕਾਰ ਵਿਚੋਂ ਉਤਰ ਕੇ ਆਪਣੇ ਘਰ ਵੱਲ ਚੱਲ ਪਿਆ। ਅਸੀਂ ਦੋਵੇਂ ਭੈਣਾਂ ਮੁਲਜ਼ਮ ਦੇ ਘਰ ਸ਼ਿਕਾਇਤ ਦੇਣ ਜਾ ਰਹੀਆਂ ਸੀ ਕਿ ਘਰ ਦੇ ਕੋਲ ਪਹੁੰਚੀਆਂ ਤਾਂ ਮੁਲਜ਼ਮ ਨੇ ਸਾਡੇ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਇੱਟ ਸਾਡੇ ਪੈਰ 'ਤੇ ਲੱਗੀ। ਇੱਟ ਮਾਰ ਕੇ ਜੀ ਨਾ ਭਰਿਆ ਤਾਂ ਮੁਲਜ਼ਮ ਆਪਣੇ ਘਰ ਤੋਂ ਦਾਤਰ ਲੈ ਕੇ ਸਾਨੂੰ ਦੋਵਾਂ ਭੈਣਾਂ ਨੂੰ ਮਾਰਨ ਲਈ ਭੱਜਿਆ ਪਰ ਅਸੀਂ ਦੋਵਾਂ ਨੇ ਇਕ ਹੋਰ ਗੁਆਂਢ ਦੇ ਘਰ ਵਿਚ ਦਾਖਲ ਹੋ ਕੇ ਜਾਨ ਬਚਾਈ ਪਰ ਗੁਆਂਢੀ ਨੇ ਸਾਨੂੰ ਇਹ ਕਹਿ ਕੇ ਘਰ ਤੋਂ ਬਾਹਰ ਜਾਣ ਨੂੰ ਕਿਹਾ ਕਿ ਜੋ ਲੜਾਈ ਕਰਨੀ ਹੈ ਉਹ ਸਾਡੇ ਘਰ ਦੇ ਬਾਹਰ ਜਾ ਕੇ ਕਰੋ। ਇਸ ਦੌਰਾਨ ਮੁਲਜ਼ਮ ਤੋਂ ਉਸ ਦੇ ਭਰਾ ਨੇ ਦਾਤਰ ਖੋਹ ਲਿਆ। ਮਾਮਲੇ ਨੂੰ ਸ਼ਾਂਤ ਸਮਝ ਕੇ ਜਿਵੇਂ ਹੀ ਅਸੀਂ ਗਲੀ ਵਿਚੋਂ ਜਾਣ ਲੱਗੀਆਂ ਤਾਂ ਹੀ ਮੁਲਜ਼ਮ ਨੇ ਗਲੀ 'ਚ ਦੇਖ ਕੇ ਮੈਨੂੰ ਲੱਤਾਂ, ਮੁੱਕਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮੇਰੀ ਗਰਦਨ ਅਤੇ ਮੇਰੇ ਢਿੱਡ ਵਿਚ ਅੰਦਰੂਨੀ ਸੱਟਾਂ ਲੱਗੀਆਂ।

ਸੁਰਜੀਤ ਕੌਰ ਨੇ ਦੱਸਿਆ ਕਿ ਕਾਫੀ ਦੇਰ ਬਾਅਦ ਜਦੋਂ ਮੈਨੂੰ ਕੁੱਟਮਾਰ ਕਾਰਨ ਦਰਦ ਹੋਣੀ ਸ਼ੁਰੂ ਹੋਈ ਤਾਂ ਮੌਕੇ 'ਤੇ ਅਸੀਂ ਇਲਾਜ ਕਰਵਾਇਆ ਪਰ ਸਵੇਰੇ ਹੁੰਦੇ ਹੀ ਮੇਰੀ ਤਬੀਅਤ ਵਿਗੜਦੀ ਚਲੀ ਗਈ ਅਤੇ ਮੈਂ 19 ਮਈ ਨੂੰ ਸਿਵਲ ਹਸਪਤਾਲ ਆ ਕੇ ਦਾਖਲ ਹੋਈ। ਸੁਰਜੀਤ ਕੌਰ ਨੇ ਦੱਸਿਆ ਕਿ ਅੰਦਰੂਨੀ ਸੱਟਾਂ ਕਾਰਨ ਸਰੀਰ ਵਿਚ ਕਾਫੀ ਦਰਦ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ।
ਪੁਲਸ ਨੇ ਇਕ ਨਾ ਸੁਣੀ।

ਸਿਵਲ ਹਸਪਤਾਲ 'ਚ ਇਲਾਜ ਅਧੀਨ ਸੁਰਜੀਤ ਕੌਰ ਨੇ ਦੱਸਿਆ ਕਿ ਅਸੀਂ ਕੁੱਟਮਾਰ ਦੀ ਜਾਣਕਾਰੀ ਘਟਨਾ ਸਥਾਨ ਤੋਂ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਆ ਕੇ ਵਿਰੋਧੀਆਂ ਨਾਲ ਮਿਲ ਕੇ ਉਲਟਾ ਸਾਡੀ ਗਲਤੀ ਕੱਢਣੀ ਸ਼ੁਰੂ ਕਰ ਦਿੱਤੀ। ਅਸੀਂ ਸਾਰੀ ਘਟਨਾ ਦੀ ਜਾਣਕਾਰੀ ਦੇਣੀ ਚਾਹੀ ਪਰ ਪੁਲਸ ਨੇ ਸਾਡੀ ਇਕ ਵੀ ਨਾ ਸੁਣੀ ਅਤੇ ਨਾ ਹੀ ਸਾਡੀ ਕੋਈ ਐੱਫ. ਆਈ. ਆਰ. ਦਰਜ ਕੀਤੀ। ਉਕਤ ਮਾਮਲੇ ਨੂੰ ਨੋਟਿਸ ਵਿਚ ਲੈਂਦੇ ਹੋਏ ਫੋਕਲ ਪੁਆਇੰਟ ਪੁਲਸ ਨੇ 24 ਮਈ ਨੂੰ ਥਾਣੇ ਤਲਬ ਕੀਤਾ ਹੈ। ਉਕਤ ਮਾਮਲੇ ਵਿਚ ਗੁਰਮੇਲ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

shivani attri

This news is Content Editor shivani attri