ਵਿਧਾਇਕ ਬਾਵਾ ਹੈਨਰੀ ਨੇ ਰਵੀ ਸੈਣੀ ਵਰਗਾ ਸਟੈਂਡ ਕੌਂਸਲਰ ਵਿੱਕੀ ਕਾਲੀਆ ਤੇ ਸ਼ਾਰਦਾ ਦੇ ਮਾਮਲੇ ’ਚ ਕਿਉਂ ਨਹੀਂ ਲਿਆ

11/21/2022 3:54:37 PM

ਜਲੰਧਰ (ਖੁਰਾਣਾ)–ਇਸ ’ਚ ਕੋਈ ਦੋ ਰਾਏ ਨਹੀਂ ਹਨ ਕਿ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਉੱਤਰੀ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਕੌਂਸਲਰਪਤੀ ਰਵੀ ਸੈਣੀ ਦੇ ਮਾਮਲੇ ’ਚ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਇਕਜੁੱਟ ਹੋ ਕੇ ਸਟੈਂਡ ਲਿਆ ਅਤੇ ਆਪਣੀ ਪਾਰਟੀ ਦੇ ਆਗੂ ਨੂੰ ਇਕ ਰਾਤ ਵੀ ਥਾਣੇ ਅੰਦਰ ਰਹਿਣ ਨਹੀਂ ਦਿੱਤਾ, ਉਸ ਮਾਮਲੇ ’ਚ ਕਾਂਗਰਸੀਆਂ ਦੀ ਪੁਜ਼ੀਸ਼ਨ ਕੁਝ ਮਜ਼ਬੂਤ ਹੋਈ ਹੈ, ਜੋ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਬਿਲਕੁਲ ਠੰਡੇ ਹੋ ਕੇ ਬੈਠ ਗਏ ਸਨ।

ਇਸ ਸਾਰੇ ਮਾਮਲੇ ’ਚ ਉੱਤਰੀ ਹਲਕੇ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਜਿਸ ਤਰ੍ਹਾਂ ਸਟੈਂਡ ਲਿਆ, ਜਿੱਥੇ ਉਸ ਦੀ ਵੀ ਪ੍ਰਸ਼ੰਸਾ ਹੋ ਰਹੀ ਹੈ, ਉਥੇ ਹੀ ਸੋਸ਼ਲ ਮੀਡੀਆ ’ਤੇ ਵੀ ਬਾਵਾ ਹੈਨਰੀ ਦਾ ਕੱਦ ਵਧਿਆ ਹੈ ਪਰ ਕਾਂਗਰਸ ਦੀ ਸਿਆਸਤ ਜਾਣਨ ਵਾਲੇ ਲੋਕ ਇਹ ਸਵਾਲ ਵੀ ਪੁੱਛ ਰਹੇ ਹਨ ਕਿ ਆਖਿਰ ਵਿਧਾਇਕ ਬਾਵਾ ਹੈਨਰੀ ਨੇ ਰਵੀ ਸੈਣੀ ਵਰਗਾ ਸਟੈਂਡ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਅਤੇ ਦੀਪਕ ਸ਼ਾਰਦਾ ਦੇ ਮਾਮਲੇ ’ਚ ਕਿਉਂ ਨਹੀਂ ਲਿਆ ਸੀ, ਜਦੋਂ ਉੱਤਰੀ ਵਿਧਾਨ ਸਭਾ ਹਲਕੇ ਦੇ ਲਗਭਗ ਦੋ ਦਰਜਨ ਤੋਂ ਵੱਧ ਆਗੂਆਂ ’ਤੇ 6 ਪੁਲਸ ਕੇਸ ਦਰਜ ਕੀਤੇ ਗਏ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ’ਚੋਂ ਵਧੇਰੇ ਲੋਕ ਅਜੇ ਵੀ ਭੇਸ ਬਦਲ ਕੇ ਜਾਂ ਅੰਡਰਗਰਾਊਂਡ ਹੋ ਕੇ ਰਹਿ ਰਹੇ ਹਨ। ਇਨ੍ਹਾਂ ’ਚੋਂ ਕਈ ਕਾਂਗਰਸੀ ਆਗੂਆਂ ਨੇ ਮਹੀਨਿਆਂ ਤੋਂ ਆਪਣੇ ਘਰ ਦੀ ਅਤੇ ਆਪਣੇ ਬੱਚਿਆਂ ਦੀ ਸ਼ਕਲ ਤਕ ਨਹੀਂ ਵੇਖੀ। ਇਨ੍ਹਾਂ ’ਚੋਂ ਕਈਆਂ ਨੂੰ ਪੁਲਸ ਨੇ ਫੜਿਆ ਵੀ ਅਤੇ ਕਈ ਹਾਈ ਕੋਰਟ ਜਾ ਕੇ ਜ਼ਮਾਨਤ ਲੈ ਆਏ। ਕਈ ਅਜੇ ਵੀ ਪੁਲਸ ਤੋਂ ਬਚਦੇ ਫਿਰ ਰਹੇ ਹਨ।

ਇਹ ਵੀ ਪੜ੍ਹੋ : ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼

ਉਦੋਂ ਕਿੱਥੇ ਸਨ ਕਾਂਗਰਸ ਦੇ ਬਾਕੀ ਕੌਂਸਲਰ, ਬਲਾਕ ਪ੍ਰਧਾਨ ਅਤੇ ਹੋਰ ਆਗੂ

ਵਿਧਾਇਕ ਬਾਵਾ ਹੈਨਰੀ ਦੇ ਬੁਲਾਉਣ ’ਤੇ ਉੱਤਰੀ ਹਲਕੇ ਦੇ ਸਾਰੇ ਕਾਂਗਰਸੀ ਕੌਂਸਲਰ, ਬਲਾਕ ਪ੍ਰਧਾਨ ਅਤੇ ਹੋਰ ਕਾਂਗਰਸ ਆਗੂ ਤੁਰੰਤ ਪੁਲਸ ਡਵੀਜ਼ਨ ਨੰਬਰ ਅੱਠ ਦੇ ਬਾਹਰ ਪਹੁੰਚ ਗਏ, ਜਿਥੇ ਘੰਟਿਆਂਬੱਧੀ ਬਹਿਸਬਾਜ਼ੀ ਅਤੇ ਨਾਅਰੇਬਾਜ਼ੀ ਚੱਲਦੀ ਰਹੀ। ਰੋਸ ਪ੍ਰਦਰਸ਼ਨ ਕਰ ਕੇ ਉੱਤਰੀ ਹਲਕੇ ਦੇ ਕਾਂਗਰਸੀ ਆਗੂਆਂ ਨੇ ਵੱਡੇ-ਵੱਡੇ ਪੁਲਸ ਅਧਿਕਾਰੀਆਂ ਨੂੰ ਵੀ ਯੂ-ਟਰਨ ਲੈਣ ’ਤੇ ਮਜਬੂਰ ਕਰ ਦਿੱਤਾ ਪਰ ਸਵਾਲ ਫਿਰ ਉਹੀ ਖੜ੍ਹਾ ਹੁੰਦਾ ਹੈ ਕਿ ਇਹ ਸਾਰੇ ਕੌਂਸਲਰ, ਬਲਾਕ ਪ੍ਰਧਾਨ ਅਤੇ ਉੱਤਰੀ ਹਲਕੇ ਦੇ ਹੋਰ ਐਕਟਿਵ ਆਗੂ ਉਦੋਂ ਕਿਥੇ ਸਨ, ਜਦੋਂ ਗ੍ਰਾਂਟਾਂ ਦੇ ਗਬਨ ਦੇ ਮਾਮਲੇ ’ਚ ਕੌਂਸਲਰ ਵਿੱਕੀ ਕਾਲੀਆ, ਦੀਪਕ ਸ਼ਾਰਦਾ ਦੇ ਪਰਿਵਾਰ ਵਾਲਿਆਂ ਅਤੇ ਉੱਤਰੀ ਹਲਕੇ ਦੇ ਦੋ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ’ਤੇ ਮੁਸੀਬਤ ਆਈ ਸੀ। ਉਦੋਂ ਉਨ੍ਹਾਂ ਦੇ ਹੱਕ ’ਚ ਅਜਿਹਾ ਧਰਨਾ ਤਾਂ ਕੀ, ਇਕ ਬਿਆਨ ਤਕ ਨਹੀਂ ਆਇਆ।

ਹੈਨਰੀ ਨਾਲ ਦੁਸ਼ਮਣੀ ਭੁੱਲ ਕੇ ਰਿੰਕੂ ਵੀ ਪਹੁੰਚੇ

ਸਾਬਕਾ ਮੰਤਰੀ ਅਵਤਾਰ ਹੈਨਰੀ ਅਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਵਿਚਕਾਰ ਸਿਆਸੀ ਦੁਸ਼ਮਣੀ ਕਿਸੇ ਨੂੰ ਭੁੱਲੀ ਨਹੀਂ ਹੈ। ਇਸ ਦੁਸ਼ਮਣੀ ਦਾ ਮੁੱਖ ਕਾਰਨ ਰਾਣਾ ਗੁਰਜੀਤ ਸਿੰਘ ਹਨ, ਜਿਨ੍ਹਾਂ ਨੂੰ ਹੈਨਰੀ ਬਿਲਕੁਲ ਵੀ ਪਸੰਦ ਨਹੀਂ ਕਰਦੇ। ਦੂਜੇ ਪਾਸੇ ਸੁਸ਼ੀਲ ਰਿੰਕੂ ਰਾਣਾ ਗੁਰਜੀਤ ਸਿੰਘ ਦੇ ਸਭ ਤੋਂ ਕਰੀਬੀ ਹਨ। ਇਸੇ ਕਾਰਨ ਹੈਨਰੀ ਨੇ ਵੀ ਰਿੰਕੂ ਨੂੰ ਬੁਲਾਉਣਾ ਤਕ ਛੱਡ ਦਿੱਤਾ ਸੀ। ਅੱਜ ਤਕ ਵੈਸਟ ਪੱਛਮੀ ਸਭਾ ਹਲਕੇ ਦੇ ਕਿਸੇ ਪ੍ਰੋਗਰਾਮ ਜਾਂ ਕਿਸੇ ਪ੍ਰਦਰਸ਼ਨ ’ਚ ਉੱਤਰੀ ਹਲਕੇ ਦੇ ਕਿਸੇ ਕਾਂਗਰਸੀ ਦੀ ਕਦੇ ਸ਼ਮੂਲੀਅਤ ਦਿਖਾਈ ਨਹੀਂ ਦਿੱਤੀ ਪਰ ਰਵੀ ਸੈਣੀ ਦੇ ਮਾਮਲੇ ’ਚ ਰਿੰਕੂ ਵੀ ਬਾਵਾ ਹੈਨਰੀ ਦਾ ਸਾਥ ਦੇਣ ਪਹੁੰਚੇ। ਜ਼ਿਕਰਯੋਗ ਹੈ ਕਿ ਹੈਨਰੀ ਨਾਲ ਸਿਆਸੀ ਦੁਸ਼ਮਣੀ ਕਾਰਨ ਹੀ ਸੁਸ਼ੀਲ ਰਿੰਕੂ ਨੂੰ ਉਦੋਂ ਬੰਟੀ ਅਤੇ ਮੇਜਰ ਸਿੰਘ ਆਦਿ ਨੂੰ ਨਾਲ ਲੈ ਕੇ ਨਗਰ ਨਿਗਮ ’ਚ ਡਾਇਨਾਮਿਕ ਗਰੁੱਪ ਬਣਾਉਣਾ ਪਿਆ ਸੀ, ਜਦੋਂ ਸੁਸ਼ੀਲ ਰਿੰਕੂ ਕੌਂਸਲਰ ਹੋਇਆ ਕਰਦੇ ਸਨ।

ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News