ਮਾਲਵੇ 'ਚ ਪਾਣੀ ਵਿੱਚ ਡੁੱਬੇ ਖੇਤਾਂ 'ਚ ਮੁੜ ਹਰਿਆਲੀ ਲਿਆਉਣ ਲਈ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਵੰਡੇ ਬਾਸਮਤੀ ਦੇ ਬੀਜ

07/25/2022 9:18:57 PM

ਸੁਲਤਾਨਪੁਰ ਲੋਧੀ : ਮਾਲਵੇ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੜ੍ਹ ਵਰਗੇ ਬਣੇ ਹਾਲਾਤ ਦੌਰਾਨ ਮੁਸੀਬਤ ਵਿੱਚ ਫਸੇ ਲੋਕਾਂ ਦੀ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਾਂਹ ਫੜਨ ਦਾ ਯਤਨ ਕੀਤਾ ਜਾ ਰਿਹਾ ਹੈ। ਅੱਜ ਉਨ੍ਹਾਂ ਦੇ ਸੇਵਾਦਾਰਾਂ ਸੰਤ ਸੁਖਜੀਤ ਸਿੰਘ ਤੇ ਸੁਰਜੀਤ ਸਿੰਘ ਸ਼ੰਟੀ ਸਮੇਤ ਹੋਰ ਕਈ ਸੇਵਾਦਾਰਾਂ ਨੇ ਪੀੜਤ ਪਿੰਡਾਂ ਦਾ ਦੌਰਾ ਕੀਤਾ ਤੇ ਪਿੰਡਾਂ 'ਚ ਪਸ਼ੂਆਂ ਲਈ ਲਗਾਤਾਰ ਹਰਾ ਚਾਰਾ ਭੇਜਿਆ ਜਾ ਰਿਹਾ ਹੈ। ਅੱਜ ਸੇਵਾਦਾਰਾਂ ਵੱਲੋਂ ਪਾਣੀ ਨਾਲ ਭਰੇ ਖੇਤਾਂ ਨੂੰ ਮੁੜ ਅਬਾਦ ਕਰਨ ਦੇ ਇਰਾਦੇ ਨਾਲ ਤੇ ਉਥੇ ਦੇ ਕਿਸਾਨਾਂ ਦੀ ਮੰਗ 'ਤੇ 1509 ਤੇ 1692 ਕਿਸਮ ਦੀ ਬਾਸਮਤੀ ਦੇ ਸਾਢੇ 6 ਕੁਇੰਟਲ ਬੀਜ ਵੰਡਿਆ ਗਿਆ, ਜਿਸ ਨਾਲ 150 ਏਕੜ ਦੇ ਕਰੀਬ ਬਾਸਮਤੀ ਬੀਜੀ ਜਾ ਸਕੇਗੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਸ਼ੰਟੀ ਨੇ ਦੱਸਿਆ ਕਿ ਬਾਸਮਤੀ ਦਾ ਹੋਰ ਬੀਜ ਵੀ ਭੇਜਿਆ ਜਾ ਰਿਹਾ ਹੈ। ਪਿਛਲੇ 3 ਦਿਨਾਂ ਤੋਂ ਲਗਾਤਾਰ ਹਰੇ ਚਾਰੇ ਦੀ ਢੋਆ-ਢੋਆਈ ਵਾਸਤੇ ਟਰੱਕ ਤੇ ਟਰੈਕਟਰ-ਟਰਾਲੀਆਂ ਵਰਤੀਆਂ ਜਾ ਰਹੀਆਂ ਹਨ। ਇਸ ਇਲਾਕੇ ਪਿੰਡਾਂ 'ਚ ਮਿੱਡਾ ਬਾਮ ਡਰੇਨ, ਤਰਖਾਣਵਾਲਾ, ਲਖਮੀਰੇਆਣਾ, ਲੱਕੜਵਾਲਾ, ਮਹਾਬੱਧਰ ਤੇ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਥੇ ਹਜ਼ਾਰਾਂ ਏਕੜ ਲੋਕਾਂ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਸੁਖਜੀਤ ਸਿੰਘ ਸੀਚੇਵਾਲ ਨੇ ਦੱਸਿਆ ਕਿ ਮੁਕਤਸਰ, ਗਿੱਦੜਬਾਹਾ, ਬੁੱਢਲਾਡਾ ਤੇ ਮਲੋਟ ਇਲਾਕਿਆਂ ਸਮੇਤ ਮਾਲਵੇ ਦੇ ਵੱਡੇ ਹਿੱਸੇ 'ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ। ਲੋਕ ਬੇਵੱਸ ਤੇ ਲਾਚਾਰ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਹਦਾਇਤਾਂ 'ਤੇ ਉਹ ਇਲਾਕੇ ਦਾ ਸਰਵੇ ਕਰਕੇ ਇਸ ਇਲਾਕੇ 'ਚੋਂ ਪਾਣੀ ਕੱਢਣ ਦਾ ਪੱਕਾ ਪ੍ਰਬੰਧ ਕਰਨ ਦਾ ਯਤਨ ਕਰਨਗੇ। ਇਲਾਕੇ ਦੇ ਲੋਕ ਵੀ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਅਤ ਤਦ ਹੀ ਨਜ਼ਰ ਆਉਂਦੀ ਹੈ ਜਦੋਂ ਨਿਰਸਵਾਰਥ ਹੋ ਕੇ ਇਕ ਦੂਜੇ ਦੀ ਮਦਦ ਕੀਤੀ ਜਾਵੇ।

PunjabKesari

ਇਹ ਵੀ ਪੜ੍ਹੋ : ਅਮਨ ਅਰੋੜਾ ਵੱਲੋਂ ਸੰਗਰੂਰ ਜ਼ਿਲ੍ਹੇ 'ਚ 600 ਏਕੜ ਪੰਚਾਇਤੀ ਜ਼ਮੀਨ ’ਤੇ ਜੰਗਲ ਲਗਾਉਣ ਦੀ ਮੁਹਿੰਮ ਸ਼ੁਰੂ

ਹੜ੍ਹ ਰੋਕੂ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਕਿਸਾਨ ਮਾਲਵੇ ਦੇ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹਰੇ ਚਾਰੇ ਦੀ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਸ਼ੂਆਂ ਲਈ ਹਰੇ ਚਾਰੇ ਦਾ ਅਚਾਰ ਵੀ ਭੇਜਿਆ ਗਿਆ ਹੈ। ਸਵਰਨ ਸਿੰਘ ਕੌੜਾ ਤੇ ਸੁਖਵਿੰਦਰ ਸਿੰਘ ਗੱਟੀ ਨੇ ਸਾਂਝੇ ਤੌਰ 'ਤੇ ਇਸ ਅਚਾਰ ਦੀਆਂ 200 ਗੱਠਾਂ ਭੇਜੀਆਂ ਹਨ। ਸਰਪੰਚ ਜੋਗਾ ਸਿੰਘ ਨੇ ਦੱਸਿਆ ਕਿ ਬਾਸਮਤੀ ਦੀਆਂ ਦੋਵੇਂ ਕਿਸਮਾਂ ਦੇ ਬੀਜ ਦੀ ਪਨੀਰੀ ਦੋਆਬੇ ਵਿੱਚ ਵੀ ਬੀਜੀ ਜਾ ਰਹੀ ਹੈ। ਗਿੱਦੜਪਿੰਡੀ ਦੇ ਲੋਕਾਂ ਵੱਲੋਂ ਵੀ ਇਕ ਟਰੱਕ ਹਰੇ ਚਾਰੇ ਦਾ ਭੇਜਿਆ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News