ਭਾਈ ਦਾਦੂਵਾਲ ਵੱਲੋਂ ਅਹਿਮ ਖੁਲਾਸਾ, ਬਰਗਾੜੀ ਕਾਂਡ ਦੀਆਂ ਪਰਤਾਂ ਅਗਲੇ ਦਿਨੀਂ ਖੁੱਲ੍ਹ ਜਾਣਗੀਆਂ

06/24/2018 1:35:41 PM

ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ ਸਿੰਘ ਡੂਮੇਵਾਲ)— ਤਿੰਨ ਵਰਿਆਂ ਤੋਂ ਬੰਦ ਪਈਆਂ ਬਹੁ ਚਰਚਿਤ ਬਰਗਾੜੀ ਬੇਅਦਬੀ ਕਾਂਡ ਦੀਆਂ ਹਕੀਕੀ ਪਰਤਾਂ ਲਗਭਗ ਖੁੱਲ ਚੁੱਕੀਆਂ ਹਨ ਪਰ ਇਸ ਸਮੁੱਚੇ ਕਾਂਡ ਦਾ ਸ਼ੁਰੂ ਤੋਂ ਅੰਤ ਤੱਕ ਦਾ ਪੁਸ਼ਟੀਜਨਕ ਸੱਚ ਪੁਲਸ ਵੱਲੋਂ ਅਗਲੇ ਦਿਨਾਂ 'ਚ ਅਵਾਮ ਦੇ ਸਾਹਮਣੇ ਰੱਖੇ ਜਾਣ ਦੀਆਂ ਸੰਭਾਵਨਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਸਰਬੱਤ ਖਾਲਸਾ ਦੇ ਜਥੇਦਾਰ ਅਤੇ ਬਰਗਾੜੀ ਕਾਂਡ ਦੇ ਵਿਰੋਧ 'ਚ ਲੱਗੇ ਮੋਰਚੇ ਦੀ ਅਗਵਾਈ ਕਰ ਰਹੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਖੁਲਾਸਾ ਕੀਤਾ ਹੈ ਕਿ ਪੁਲਸ ਵੱਲੋਂ ਹਿਰਾਸਤ 'ਚ ਲਏ 10 ਦੇ ਕਰੀਬ ਡੇਰਾ ਸਿਰਸਾ ਦੇ ਪ੍ਰੇਮੀਆਂ ਕੋਲੋਂ ਇਸ ਸੱਚ ਦੀਆਂ ਬੱਝੀਆਂ ਗੰਢਾਂ ਖੁੱਲਵਾ ਲਈਆਂ ਗਈਆਂ ਹਨ। 
ਉਨ੍ਹਾਂ ਅਨੁਸਾਰ ਬਰਗਾੜੀ ਕਾਂਡ ਦੌਰਾਨ ਗੁ. ਬੁਰਜ ਜਵਾਹਰ ਸਿੰਘ ਤੋ ਚੋਰੀ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪਾਵਨ ਪੱਤਰੇ ਬ੍ਰਾਮਦ ਕਰ ਲਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਫੜੇ ਗਏ ਪ੍ਰੇਮੀਆਂ ਵੱਲੋਂ ਇਹ ਸੱਚ ਜੱਜ ਅੱਗੇ ਕਬੂਲ ਵੀ ਲਿਆ ਹੈ, ਜਿਸ ਤਹਿਤ ਉਨਾਂ ਦੇ ਸੰਘਰਸ਼ ਦੀ ਇਕ ਕੜੀ ਮੋਰਚਾ ਫਤਹਿ ਕਰ ਚੁੱਕੀ ਹੈ ਪਰੰਤੂ ਇਸ ਦੇ ਨਾਲ ਹੀ ਅਜੇ ਬਹਿਬਲ ਕਲਾਂ ਗੋਲੀ ਕਾਂਡ ਦਾ ਸੱਚ ਸਾਹਮਣੇ ਆਉਣਾ ਬਾਕੀ ਹੈ। ਸਰਕਾਰੀ ਧਿਰਾਂ ਅਗਲੇ ਦਸ ਦਿਨਾਂ ਤੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਲਈ ਵਚਨਬੱਧ ਹਨ ਅਤੇ ਇਸ ਦੇ ਨਾਲ ਹੀ ਬਰਗਾੜੀ ਕਾਂਡ ਦੀ ਵੀ ਸਰਕਾਰੀ ਪੁਸ਼ਟੀ ਕੀਤੀ ਜਾਵੇਗੀ ਪਰ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੀ ਪੂਰੀ ਤਸੱਲੀ ਨਹੀਂ ਹੋ ਜਾਂਦੀ। ਜੇਕਰ ਸਰਕਾਰੀ ਦਾਅਵਾ ਜਾਂ ਜਾਂਚ ਕਮਿਸ਼ਨ ਦੀ ਰਿਪੋਰਟ ਸਾਡੀ ਕਸਵੱਟੀ ਤੇ ਸਹੀ ਨਹੀ ਉਤਰੀ ਤਾਂ ਬਰਗਾੜੀ ਮੋਰਚਾ ਜਾਰੀ ਰਹੇਗਾ।
ਭਾਈ ਦਾਦੂਵਾਲ ਨੇ ਇਹ ਵੀ ਦੱਸਿਆ ਕਿ ਬੇਅਦਬੀ ਕਾਂਡ ਦੌਰਾਨ ਡੇਰਾ ਸਮਰਥਕਾਂ ਵੱਲੋਂ 2016 'ਚ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ 'ਚ ਪੋਸਟਰ ਲਗਾਏ ਸਨ, ਉਨ੍ਹਾਂ ਦੀ ਜਾਂਚ ਵੀ ਸੀ. ਬੀ. ਆਈ. ਦੀ ਜਾਂਚ ਦੇ ਘੇਰੇ 'ਚ ਹੈ ਅਤੇ ਪੋਸਟਰ ਲਗਾਉਣ ਵਾਲੇ ਲੋਕਾਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ ਅਤੇ ਲਿਖਾਈ ਦੀ ਸ਼ਨਾਖਤ ਵੀ ਹੋ ਚੁੱਕੀ ਹੈ ਪਰ ਇਸ ਨੂੰ ਅਜੇ ਜਨਤਕ ਨਾ ਕਰਨਾ ਸਰਕਾਰ ਅਤੇ ਵਿਭਾਗ ਦੀ ਨਿੱਜੀ ਮਜਬੂਰੀ ਹੈ।