ਬੈਂਕਾਂ ਦੇ ਰਲੇਵੇ ਵਿਰੁੱਧ ਬੈਂਕ ਕਰਮਚਾਰੀਆਂ ਵਲੋਂ ਹੜ੍ਹਤਾਲ

10/22/2019 7:23:39 PM

ਗੜ੍ਹਸ਼ੰਕਰ,(ਸ਼ੋਰੀ): ਗੜ੍ਹਸ਼ੰਕਰ ਵਿਖੇ ਅੱਜ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸ਼ੀਏਸਨ ਤੇ ਬੈਂਕ ਇੰਪਲਾਈਜ਼ ਫੈਡਰੇਸ਼ਨ ਗੜ੍ਹਸ਼ੰਕਰ ਵਲੋਂ ਇਕ ਦਿਨਾਂ ਬੈਂਕ ਹੜ੍ਹਤਾਲ ਕੀਤੀ ਗਈ। ਇਸ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਅੱਗੇ ਧਰਨਾ ਲਾਇਆ ਗਿਆ, ਜਿਸ 'ਚ ਵੱਖ-ਵੱਖ ਬੈਂਕਾਂ ਤੋਂ ਕਰਮਚਾਰੀ ਸ਼ਾਮਲ ਹੋਏ। ਇਸ ਧਰਨੇ ਨੂੰ ਮਹਿੰਦਰ ਪਾਲ ਸਿੰਘ ਚੇਅਰਮੈਨ ਕੈਨਰਾ ਬੈਂਕ ਇੰਪਲਾਇਜ਼ ਯੂਨੀਅਨ ਪੰਜਾਬ ਨੇ ਸੰਬੋਧਨ ਕਰਦੇ ਕਿਹਾ ਕਿ ਜੋ ਸਰਕਾਰ ਬੈਂਕਾਂ ਦਾ ਰਲੇਵਾ ਕਰਨ ਜਾ ਰਹੀ ਹੈ। ਉਹ ਬਿਲਕੁਲ ਬੈਂਕਾਂ ਤੇ ਆਮ ਜਨਤਾ ਦੇ ਹਿੱਤ 'ਚ ਨਹੀਂ ਹੈ ਤੇ ਬੈਂਕਾਂ ਦਾ ਸੁਧਾਰ ਕਰਨ ਦੇ ਨਾਮ 'ਤੇ ਗਲਤ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਗਿਆ ਤੇ ਬੈਂਕਾਂ 'ਚ ਉਚਿੱਤ ਭਰਤੀ ਕਰਨ ਦੀ ਮੰਗ ਕੀਤੀ ਗਈ। ਇਸ ਧਰਨੇ 'ਚ ਪੰਜਾਬ ਸਬੋਰਡੀਨੇਟ ਸਰਵਿਸ ਫੈਡਰੇਸ਼ਨ ਦੇ ਨੇਤਾ ਜੀਤ ਸਿੰਘ ਬਗਵਾਈ, ਰਾਮ ਜੀ ਦਾਸ ਚੌਹਾਨ, ਮੱਖਣ ਸਿੰਘ ਵਾਹਿਦਪੁਰੀ, ਕਸ਼ਮੀਰ ਸਿੰਘ ਬੰਗਾ ਨੇ ਵੀ ਸੰਬੋਧਨ ਕੀਤਾ। ਇਸ 'ਚ ਉਚੇਚੇ ਤੌਰ 'ਤੇ ਮੱਖਣ ਸਿੰਘ ਨਵਾਂਸ਼ਹਿਰ ਪਰਵੇਸ਼ ਰਾਣਾ ਤੇ ਹੋਰ ਬੈਂਕ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।