ਕੈਪਟਨ ਸੂਬੇ ਅੰਦਰ ਸਿਹਤ ਤੇ ਸਿੱਖਿਆ ਨੂੰ ਦੇ ਰਹੇ ਨੇ ਵਿਸ਼ੇਸ਼ ਤਰਜੀਹ: ਬਲਬੀਰ ਸਿੰਘ ਸਿੱਧੂ

12/15/2019 6:10:03 PM

ਨਵਾਂਸ਼ਹਿਰ (ਮਨੋਰੰਜਨ)— ਅੱਜ 32ਵੇਂ ਡੈਂਟਲ ਪੰਦਰਵਾੜੇ ਦਾ ਸਮਾਪਤੀ ਰਾਜ ਪੱਧਰੀ ਸਮਾਗਮ ਡੀ. ਏ. ਐੱਨ. ਕਾਲਜ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਅੰਗਦ ਸਿੰਘ ਵਿਧਾਇਕ, ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਵਿਨੈ ਬੁਬਲਾਨੀ ਅਤੇ ਐੱਸ. ਐੱਸ. ਪੀ. ਅਲਕਾ ਮੀਨਾ ਵੀ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਨਿਸ਼ਾਨਾ ਸਿਹਤ ਅਤੇ ਸਿੱਖਿਆ 'ਚ ਵੱਡੇ ਪੱਧਰ 'ਤੇ ਸੁਧਾਰ ਲਿਆਉਣਾ ਹੈ। ਪੰਜਾਬ ਦੇ ਹਰ ਨਾਗਰਿਕ ਲਈ ਇਲਾਜ ਦੀ ਸਹੂਲਤ ਨੂੰ ਲੋਕਾਂ ਦੇ ਦਰਬਾਜੇ ਤੱਕ ਲੈ ਕੇ ਜਾਣਾ ਹੈ ਅਤੇ ਸਰਕਾਰ ਸਭਨਾ ਦੇ ਇਲਾਜ ਲਈ ਵਚਨਬੱਧ ਹੈ ਅਤੇ ਪੰਜਾਬ ਵਾਸੀਆਂ ਨੂੰ ਮੁੜ ਤੋਂ ਤੰਦਰੁਸਤ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦਵਾਈਆਂ ਦੀ ਵੰਡ ਦੇ ਸਿਸਟਮ 'ਚ ਸੁਧਾਰ ਲਿਆ ਕੇ ਇਹ ਕੰਮ ਐੱਸ. ਐੱਮ. ਓਜ਼ ਤੱਕ ਡੀਸੈਂਟਰਲਾਈਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਵਧੀਆਂ ਇਲਾਜ ਸਹੂਲਤਾਂ ਦੇਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸੀ. ਐੱਮ. ਓਜ. ਨੂੰ ਜ਼ਿਲਾ ਪੱਧਰੀ ਹਸਪਤਾਲਾਂ ਅਤੇ ਐੱਸ. ਐੱਮ.ਓਜ ਨੂੰ ਸਬ ਡਿਵੀਜ਼ਨ ਪੱਧਰੀ ਹਸਪਤਾਲਾਂ 'ਚ ਮਰੀਜ ਚੈਕ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਰਿਟਾਇਰ ਡਾਕਟਰਾਂ ਨੂੰ ਮੁੜ 65 ਸਾਲ ਦੀ ਉਮਰ ਤੱਕ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਡਾਕਟਰਾਂ ਦੀ ਘਾਟ ਨੂੰ ਖਤਮ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਜਲਦੀ ਹੀ ਜ਼ਿਲਾ ਪੱਧਰੀ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕੋਈ ਵਿਅਕਤੀ ਇਲਾਜ ਦੀ ਘਾਟ ਕਾਰਨ ਮੌਤ ਦੇ ਮੂੰਹ 'ਚ ਨਾ ਜਾ ਸਕੇ।

ਸਿੱਧੂ ਨੇ ਦੱਸਿਆ ਕਿ ਆਯੂਸ਼ਮਾਨ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਪਰਿਵਾਰਾਂ ਦਾ 5 ਲੱਖ ਰੁਪਏ ਤੱਕ ਸਾਲਾਨਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਇਸ ਸਕੀਮ ਤਹਿਤ ਹੁਣ ਤੱਕ 82 ਹਜ਼ਾਰ ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ, ਜਿਸ 'ਚੋਂ 1500 ਵਿਅਕਤੀਆਂ ਦੀ ਬਾਈਪਾਸ ਸਰਜਰੀ ਅਤੇ 1300 ਵਿਅਕਤੀਆਂ ਦੇ ਗੋਡੇ ਬਦਲੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਦਇਰਾ ਵਧਾ ਕੇ 10 ਲੱਖ ਹੋਰ ਪਰਿਵਾਰਾਂ ਨੂੰ ਜਲਦੀ ਹੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਹਰ ਲੋੜਵੰਦ ਪਰਿਵਾਰ ਨੂੰ ਸਰਕਾਰ ਦੀ ਇਸ ਮੁਫਤ ਇਲਾਜ ਦੀ ਸਹੂਲਤ ਦਾ ਲਾਭ ਮਿਲ ਸਕੇ। ਡਾ. ਨਿਰਲੇਪ ਕੌਰ ਡਿਪਟੀ ਡਾਇਰੈਕਟਰ (ਡੈਂਟਲ) ਨੇ 32ਵੇਂ ਡੈਂਟਲ ਪੰਦਰਵਾੜੇ ਦਾ ਸਮਾਪਤੀ 'ਤੇ ਦੱਸਿਆ ਕਿ ਇਸ ਦੌਰਾਨ ਹੁਣ ਤੱਕ ਰਾਜ ਭਰ 'ਚ 70 ਹਜ਼ਾਰ 379 ਮਰੀਜਾਂ ਦੇ ਦੰਦਾਂ ਅਤੇ ਮੂੰਹ ਰੋਗਾਂ ਦਾ ਚੈਕਅਪ ਕੀਤਾ ਜਾ ਚੁੱਕਾ ਹੈ, 2661 ਮਰੀਜਾਂ ਦੇ ਦੰਦ ਲਗਾਏ ਗਏ ਹਨ, 8208 ਸਕੂਲ ਵਿਦਿਅਰਥੀਆਂ ਦੇ ਦੰਦਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ 1485 ਮਰੀਜਾਂ ਦੇ ਦੰਦ ਭਰੇ ਗਏ ਹਨ।

ਇਸ ਤੋਂ ਪਹਿਲਾ ਸ਼੍ਰੀ ਅੰਗਦ ਸਿੰਘ ਵਿਧਾਇਕ ਨਵਾਂਸ਼ਹਿਰ ਨੇ ਜਿੱਥੇ ਸਿਹਤ ਮੰਤਰੀ ਇਸ ਜ਼ਿਲੇ 'ਚ ਢੁੱਕਵੀਆਂ ਅਤੇ ਲੋੜੀਦੀਆਂ ਸਿਹਤ ਸਹੂਲਤਾਂ, ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਘਾਟ ਦੂਰ ਕਰਨ ਲਈ ਕਿਹਾ, ਉਸ ਦੇ ਨਾਲ ਹੀ ਇਸ ਕਿੱਤੇ ਨਾਲ ਜੁੜੇ ਸਰਕਾਰੀ ਅਤੇ ਪ੍ਰ੍ਰਾਈਵੇਟ ਡਾਕਟਰਾਂ ਨੂੰ ਲੋੜਵੰਦ ਮਰੀਜਾਂ ਦੀ ਹਰ ਸੰਭਵ ਮਦਦ ਕਰਨ ਦੀ ਵੀ ਅਪੀਲ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਅਤੇ ਸਮਾਪਤੀ 'ਤੇ 75 ਵਿਅਕਤੀਆਂ ਨੂੰ ਦੰਦਾਂ ਦੇ ਸੈੱਟ (ਡੈਂਚਰ) ਭੇਟ ਕੀਤੇ। ਬੀ. ਐੱਸ. ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਦੰਦਾਂ ਦੀ ਸੰਭਾਲ ਬਾਰੇ ਜਾਗਰੂਕ ਕਰਦਾ ਹੋਇਆ ਨਾਟਕ ਵੀ ਪੇਸ਼ ਕੀਤਾ।

ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡਾ. ਨਿਰਲੇਪ ਕੌਰ, ਡਿਪਟੀ ਡਾਇਰੈਕਟਰ ਡੈਂਟਲ, ਡਾ. ਰਾਜਿੰਦਰ ਪ੍ਰਸ਼ਾਦ ਭਾਟੀਆ ਸਿਵਲ ਸਰਜਨ, ਪ੍ਰੇਮ ਚੰਦ ਭੀਮਾ ਪ੍ਰਧਾਨ ਜ਼ਿਲਾ ਕਾਂਗਰਸ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਇਕਬਾਲ ਕੌਰ ਸਾਬਕਾ ਵਿਧਾਇਕ, ਸਤਬੀਰ ਸਿੰਘ ਪੱਲੀ ਝਿੱਕੀ, ਹਲਕਾ ਇੰਚਾਰਜ ਬੰਗਾ ਲਲਿਤ ਮੋਹਨ ਪਾਠਕ ਨਗਰ ਕੌਸਲ ਆਦਿ ਵੱਖ-ਵੱਖ ਅਧਿਕਾਰੀ ਮੌਜੂਦ ਸਨ।


shivani attri

Content Editor

Related News