ਬਸਪਾ ਦੇ ਵਰਕਰਾਂ ਨੇ ਡੀ. ਸੀ. ਦਫਤਰ ਬਾਹਰ ਲਾਇਆ ਧਰਨਾ

08/06/2019 1:07:27 PM

ਨਵਾਂਸ਼ਹਿਰ (ਤ੍ਰਿਪਾਠੀ)— ਬਹੁਜਨ ਸਮਾਜ ਪਾਰਟੀ ਨੇ ਬੀਤੇ ਦਿਨ ਦਲਿਤ ਸਮਾਜ ਵਿਰੋਧੀ ਫੈਸਲਿਆਂ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਜਨਹਿੱਤ ਮੁੱਦਿਆਂ ਨੂੰ ਲੈ ਕੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੱਢ ਕੇ ਚੰਡੀਗੜ੍ਹ ਰੋਡ 'ਤੇ ਡੀ. ਸੀ. ਕੰਪਲੈਕਸ ਦੇ ਗੇਟ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪਾਰਟੀ ਦੇ ਵਫਦ ਨੇ ਜ਼ਿਲਾ ਪ੍ਰਸ਼ਾਸਨ ਦੀ ਮਾਰਫਤ ਪੰਜਾਬ ਦੇ ਗਵਰਨਰ ਨੂੰ ਇਕ ਮੰਗ-ਪੱਤਰ ਭੇਜਿਆ। ਇਸ ਤੋਂ ਪਹਿਲਾਂ ਅੰਬੇਡਕਰ ਚੌਕ ਦੇ ਨਜ਼ਦੀਕ ਸਥਿਤ ਪੁਰਾਣੇ ਸਿਨੇਮਾ ਦੇ ਸਥਾਨ 'ਤੇ ਬਸਪਾ ਵਰਕਰਜ਼ ਦਾ ਇਕੱਠ ਕੀਤਾ ਗਿਆ, ਜਿਸ ਉਪਰੰਤ ਪ੍ਰਦਰਸ਼ਨਕਾਰੀ ਵਰਕਰਾਂ ਨੇ ਚੰਡੀਗੜ੍ਹ ਰੋਡ 'ਤੇ ਡੀ. ਸੀ. ਕੰਪਲੈਕਸ ਦੇ ਗੇਟ ਦੇ ਬਾਹਰ ਤੱਕ ਰੋਸ ਮਾਰਚ ਕੱਢ ਕੇ ਸਰਕਾਰ ਦਾ ਪੁਤਲਾ ਫੂਕਿਆ। ਡੀ. ਸੀ. ਦਫਤਰ ਦੇ ਬਾਹਰ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਜਨਰਲ ਸਕੱਤਰ ਡਾ. ਨਛੱਤਰਪਾਲ, ਸਾਬਕਾ ਵਿਧਾਇਕ ਹਰਗੋਪਾਲ ਸਿੰਘ ਅਤੇ ਹਰਬੰਸ ਲਾਲ ਚਣਕੋਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਸਮਾਜ ਦੇ ਹਿੱਤਾਂ ਦੇ ਖਿਲਾਫ ਲਏ ਜਾ ਰਹੇ ਫੈਸਲਿਆਂ ਤੋਂ ਸਮੁੱਚੇ ਸਮਾਜ 'ਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਦਲਿਤ ਵਿਰੋਧੀ ਫੈਸਲਿਆਂ ਨੂੰ ਵਾਪਿਸ ਨਹੀਂ ਲਿਆ ਤਾਂ ਬਹੁਜਨ ਸਮਾਜ ਪਾਰਟੀ ਪੰਜਾਬ ਭਰ 'ਚ ਅੰਦੋਲਨ ਸ਼ੁਰੂ ਕਰਨ ਦੇ ਲਈ ਮਜਬੂਰ ਹੋਵੇਗੀ।

ਕੀ ਹਨ ਮੰਗਾਂ
ਪੀ.ਸੀ.ਐੱਸ. ਸੇਵਾਵਾਂ ਦੀ ਪ੍ਰੀਖਿਆ 'ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਘੱਟ ਲਏ ਫੈਸਲਿਆਂ ਨੂੰ ਰੱਦ ਕੀਤਾ ਜਾਵੇ।
ਪ੍ਰੀ ਅਤੇ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਾਸ਼ੀ ਨੂੰ ਸਮੇਂ 'ਤੇ ਜਾਰੀ ਕਰਨ ਦੇ ਚੋਣ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ 'ਚ ਕੀਤੇ ਗਏ ਭਾਰੇ ਵਾਧੇ ਨੂੰ ਵਾਪਿਸ ਲਿਆ ਜਾਵੇ।
ਸਿਹਤ ਸਹੂਲਤਾਂ ਨੂੰ ਸਸਤਾ ਕੀਤਾ ਜਾਵੇ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ। 
ਭੂਮੀਹੀਣ ਮਜ਼ਦੂਰਾਂ ਦੇ ਕਰਜ਼ੇ ਮੁਆਫ ਕੀਤੇ ਜਾਣ।
ਨਵਾਂਸ਼ਹਿਰ 'ਚ ਕੂੜੇ ਦੇ ਡੰਪ ਨੂੰ ਸ਼ਹਿਰ ਤੋਂ ਬਾਹਰ ਕੀਤਾ ਜਾਵੇ।
ਇਸ ਮੌਕੇ ਮੱਖਣ ਲਾਲ, ਕੇਵਲ ਰਾਮ ਸਲੋਹ, ਪ੍ਰਵੀਨ ਬੰਗਾ, ਮਨੋਹਰ ਲਾਲ ਕਮਾਮ, ਰਛਪਾਲ ਮਹਾਲੋਂ, ਗਿਆਨ ਚੰਦ, ਵਿਜੇ ਮਜਾਰੀ, ਸੁਭਾਸ਼ ਐੱਮ.ਸੀ., ਮੁਖਤਿਆਰ ਰਾਹੋਂ, ਸ਼ਿੰਗਾਰਾ ਰਾਮ, ਮੋਹਨ ਸਿੰਘ, ਹਰਬਲਾਸ ਬੱਧਨ, ਹਰਬੰਸ ਜਾਨੀਵਾਲ, ਡਾ. ਸਤਪਾਲ ਲੰਗੜੋਆ, ਕੁਲਵਿੰਦਰ ਦਰਿਆਪੁਰ, ਜਸਵੀਰ, ਦਿਲਬਾਗ ਮਹਿੰਦੀਪੁਰ, ਦਵਿੰਦਰ ਸੱਤਪਾਲ ਸਾਹਲੋਂ, ਸਰਜੀਵਨ ਭੰਗੂ, ਦਵਿੰਦਰ ਟਾਂਕ, ਰਮੇਸ਼ ਜਾਫਰਪੁਰ ਆਦਿ ਹਾਜ਼ਰ ਸਨ।

shivani attri

This news is Content Editor shivani attri