ਸ਼ਰਮਨਾਕ : ਪੈਦਾ ਹੋਣ ਤੋਂ ਪਹਿਲਾਂ ਹੀ ਬੱਚੀ ਦਾ ਕਰ ਦਿੱਤਾ ਕਤਲ

11/12/2019 12:37:23 PM

ਜਲੰਧਰ (ਵਰੁਣ)— ਲੜਕੀ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਕੇ ਅਣਪਛਾਤੇ ਲੋਕਾਂ ਨੇ ਬੱਚੀ ਦਾ ਭਰੂਣ ਸੰਜੇ ਗਾਂਧੀ ਨਗਰ ਤੋਂ ਨਿਕਲਣ ਵਾਲੀ ਨਹਿਰ 'ਚ ਸੁੱਟ ਦਿੱਤਾ। ਦੁਪਹਿਰ ਸਮੇਂ ਨਹਿਰ ਦੇ ਆਸ-ਪਾਸ ਜਦੋਂ ਖੇਡ ਰਹੇ ਬੱਚਿਆਂ ਨੇ ਇਕ ਲਿਫਾਫੇ ਕੋਲ ਕੁੱਤਿਆਂ ਨੂੰ ਮੰਡਰਾਉਂਦੇ ਵੇਖਿਆ ਤਾਂ ਲਿਫਾਫੇ 'ਚ ਲਾਸ਼ ਪਈ ਵੇਖ ਬੱਚਿਆਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਦੇਖਦੇ ਹੀ ਦੇਖਦੇ ਭੀੜ ਉਥੇ ਇਕੱਠੀ ਹੋ ਗਈ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।

ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਦੁਪਹਿਰ ਕਰੀਬ 12.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੰਜੇ ਗਾਂਧੀ ਨਗਰ ਨਜ਼ਦੀਕ ਕਨਾਲ ਰੋਡ ਤੋਂ ਨਿਕਲਦੀ ਨਹਿਰ 'ਚੋਂ ਭਰੂਣ ਮਿਲਿਆ ਹੈ। ਥਾਣਾ ਨੰ. 8 ਦੇ ਮੁਖੀ ਰੁਪਿੰਦਰ ਸਿੰਘ ਸਮੇਤ ਚੌਕੀ ਇੰਚਾਰਜ ਮੌਕੇ 'ਤੇ ਪਹੁੰਚੇ। ਸੁੱਕੀ ਨਹਿਰ 'ਚ ਕਿਸੇ ਨੇ ਬੱਚੀ ਦਾ ਭਰੂਣ ਲਿਫਾਫੇ 'ਚ ਪਾ ਕੇ ਉਸ ਨੂੰ ਤੌਲੀਏ ਨਾਲ ਢੱਕ ਕੇ ਸੁੱਟਿਆ ਹੋਇਆ ਸੀ। 

ਪੁਲਸ ਨੂੰ ਸ਼ੱਕ ਹੈ ਕਿ ਲੜਕੀ ਹੋਣ ਕਾਰਨ ਕਿਸੇ ਨੇ ਇਹ ਸ਼ਰਮਨਾਕ ਕੰਮ ਕੀਤਾ ਹੈ। ਪੁਲਸ ਨੇ ਜਦੋਂ ਆਸ-ਪਾਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਭਰੂਣ ਮਿਲਣ ਤੋਂ ਪਹਿਲਾਂ ਐਕਟਿਵਾ ਸਵਾਰ ਬਜ਼ੁਰਗਾਂ ਨੂੰ ਉਥੇ ਬੈਠੇ ਦੇਖਿਆ ਸੀ। ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਨਜ਼ਦੀਕ ਹੀ ਇਕ ਕੈਮਰਾ ਲੱਗਾ ਹੋਇਆ ਹੈ, ਜਿਸ ਦੀ ਫੁਟੇਜ ਮੰਗਲਵਾਰ ਨੂੰ ਚੈੱਕ ਕੀਤੀ ਜਾਵੇਗੀ। ਪੁਲਸ ਦਾ ਕਹਿਣਾ ਹੈ ਕਿ ਫੁਟੇਜ ਵੇਖ ਕੇ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਸ ਆਸ-ਪਾਸ ਰਹਿੰਦੀਆਂ ਦਾਈਆਂ, ਨਰਸਿੰਗ ਹੋਮਸ ਆਦਿ 'ਤੇ ਜਾ ਕੇ ਵੀ ਪੁੱਛਗਿੱਛ ਕਰ ਰਹੀ ਹੈ। ਅਣਪਛਾਤੇ ਲੋਕਾਂ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੁਝ ਹੀ ਮਹੀਨਿਆਂ 'ਚ ਅੱਧਾ ਦਰਜਨ ਦੇ ਕਰੀਬ ਮਿਲ ਚੁੱਕੇ ਹਨ ਭਰੂਣ
ਜਲੰਧਰ 'ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਲੰਧਰ ਦੇ ਵੱਖ-ਵੱਖ ਸਥਾਨਾਂ ਤੋਂ ਅੱਧਾ ਦਰਜਨ ਭਰੂਣ ਮਿਲ ਚੁੱਕੇ ਹਨ। ਤਿੰਨ ਭਰੂਣ ਥਾਣਾ ਨੰ. 1 ਦੇ ਖੇਤਰ ਵਿਚ ਆਉਂਦੀ ਨਹਿਰ ਤੋਂ ਹੀ ਮਿਲੇ ਸਨ। ਕਿਸੇ ਵੀ ਕੇਸ ਵਿਚ ਪੁਲਸ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ ਹੈ ਅਤੇ ਭਰੂਣ ਮਿਲਣ ਦਾ ਸਿਲਸਿਲਾ ਜਾਰੀ ਹੈ।

shivani attri

This news is Content Editor shivani attri