ਬਾਬਾ ਸਤਨਾਮ ਸਿੰਘ ਬਣੇ ਡੇਰਾ ਭਨਿਆਰਾ ਵਾਲੇ ਦੇ ਨਵੇਂ ਮੁਖੀ

01/13/2020 1:34:54 PM

ਨੂਰਪੁਰਬੇਦੀ (ਕੁਲਦੀਪ ਸ਼ਰਮਾ)— ਰੂਪਨਗਰ ਜ਼ਿਲੇ ਦੇ ਨੂਰਪੁਰਬੇਦੀ ਬਲਾਕ 'ਚ ਸਥਿਤ ਡੇਰਾ ਭਨਿਆਰਾ ਵਾਲੇ ਦੇ ਨਵੇਂ ਮੁਖੀ ਬਾਬਾ ਸਤਨਾਮ ਸਿੰਘ ਨੂੰ ਥਾਪਿਆ ਗਿਆ ਹੈ। ਦੱਸ ਦੇਈਏ ਕਿ ਡੇਰਾ ਭਨਿਆਰਾ ਦੇ ਪਹਿਲੇ ਮੁਖੀ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਵੱਡੇ ਸਪੁੱਤਰ ਬਾਬਾ ਸਤਨਾਮ ਸਿੰਘ ਨੂੰ ਮੌਜੂਦਾ ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਅਤੇ ਬਾਬਾ ਪਿਆਰਾ ਸਿੰਘ ਦਲ ਦੇ ਪ੍ਰਧਾਨ ਕਮਲ ਸਿੰਘ ਵੱਲੋਂ ਪਗੜੀ ਪਹਿਨਾ ਕੇ ਨਵਾਂ ਡੇਰਾ ਮੁਖੀ ਥਾਪਿਆ ਗਿਆ ਹੈ। ਸਤਨਾਮ ਸਿੰਘ ਡੇਰਾ ਭਨਿਆਰਾ ਬਾਡੀ ਦੇ ਪਹਿਲੇ ਮੁਖੀ ਬਾਬਾ ਪਿਆਰਾ ਸਿੰਘ ਦੇ ਸਭ ਤੋਂ ਵੱਡੇ ਪੁੱਤਰ ਹਨ।

ਨਵੇਂ ਮੁਖੀ ਬਾਬਾ ਸਤਨਾਮ ਸਿੰਘ ਨੇ ਅੱਜ ਧਮਾਣਾ ਵਿਖੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਗੁਰੂ ਪਿਤਾ ਸਵ. ਪਿਆਰਾ ਸਿੰਘ ਭਨਿਆਰਾਵਾਲੇ ਵਾਂਗ ਡੇਰੇ ਨੂੰ ਚਲਾਉਣਗੇ ਅਤੇ ਹਰ ਜੀਵ ਜੰਤੂ, ਪਸ਼ੂ ਅਤੇ ਹਰ ਧਰਮ ਦਾ ਡੇਰੇ ਵੱਲੋਂ ਸਤਿਕਾਰ ਕੀਤਾ ਜਾਂਦਾ ਰਹੇਗਾ। ਉਨ੍ਹਾਂ ਡੇਰਾ ਭਨਿਆਰਾਵਾਲਾ ਨਾਲ ਜੁੜੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੀਆਂ ਸੰਗਤਾਂ ਉਨ੍ਹਾਂ ਦਾ ਪਰਿਵਾਰ ਹਨ ਅਤੇ ਡੇਰਾ ਉਨ੍ਹਾਂ ਨਾਲ ਹਮੇਸ਼ਾ ਖੜ੍ਹਾ ਰਹੇਗਾ। ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਕੁਝ ਮੰਦਰਾਂ ਦੇ ਜਿਹੜੇ ਕੰਮ ਅਧੂਰੇ ਪਏ ਹਨ ਉਨ੍ਹਾਂ ਨੂੰ ਮੁਕੰਮਲ ਕੀਤਾ ਜਾਵੇਗਾ।

ਬਾਬਾ ਪਿਆਰਾ ਸਿੰਘ ਜੀ ਵਲੋਂ ਹਰ ਸਾਲ ਜੋ ਧਾਰਮਕ ਸਮਾਗਮ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਬਾਬਾ ਪਿਆਰਾ ਸਿੰਘ ਦਲ ਨੂੰ ਭੰਗ ਨਹੀਂ ਕੀਤਾ ਜਾਵੇਗਾ ਬਲਕਿ ਉਸ ਨੂੰ ਕਾਇਮ ਰੱਖਿਆ ਜਾਵੇਗਾ। ਇਸ ਦਲ ਦੀ ਮੀਟਿੰਗ 25 ਜਨਵਰੀ ਨੂੰ ਸ਼ਾਮ ਨੂੰ ਸੱਦੀ ਗਈ ਹੈ। ਉਨ੍ਹਾਂ ਸਿਆਸੀ ਪਾਰਟੀ ਬਣਾਉਣ ਸਬੰਧੀ ਇਨਕਾਰ ਕਰਦਿਆਂ ਕਿਹਾ ਕਿ ਡੇਰਾ ਕੋਈ ਸਿਆਸੀ ਪਾਰਟੀ ਨਹੀਂ ਬਣਾਏਗਾ ਸਗੋਂ ਉਨ੍ਹਾਂ ਲਈ ਸਾਰੀਆਂ ਪਾਰਟੀਆਂ ਇਕ ਹੀ ਹਨ। ਬਾਬਾ ਸਤਨਾਮ ਸਿੰਘ ਨੇ ਕਿਹਾ ਕਿ ਬਾਬਾ ਪਿਆਰਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਡੇਰੇ ਦੀ ਸੁਰੱਖਿਆ ਵਾਪਸ ਲਈ ਗਈ ਹੈ ਜਿਸ ਸਬੰਧੀ ਉਹ ਸਰਕਾਰ ਕੋਲ ਪਹੁੰਚ ਕਰਨਗੇ, ਜੇਕਰ ਸਰਕਾਰ ਨੇ ਉਨ੍ਹਾਂ ਨੂੰ ਬਣਦੀ ਸੁਰੱਖਿਆ ਨਹੀਂ ਦਿੱਤੀ ਤਾਂ ਉਹ ਅਦਾਲਤ ਦਾ ਸਹਾਰਾ ਵੀ ਲੈ ਸਕਦੇ ਹਨ।

ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ, ਬਹੁਜਨ ਸਮਾਜ ਪਾਰਟੀ ਦੇ ਆਗੂ ਐਡਵੋਕੇਟ ਚਰਨਜੀਤ ਸਿੰਘ ਘਈ, ਕਾ. ਮੋਹਨ ਸਿੰਘ ਧਮਾਣਾ, ਮਾ. ਰਾਮਪਾਲ ਅਬਿਆਣਾ ਬਸਪਾ ਜ਼ਿਲਾ ਪ੍ਰਧਾਨ, ਸਾਬਕਾ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ, ਬਾਬਾ ਪਿਆਰਾ ਸਿੰਘ ਦਲ ਦੇ ਪ੍ਰਧਾਨ ਕਮਲ ਸਿੰਘ ਅਤੇ ਬਾਬੂ ਕਸ਼ਮੀਰੀ ਲਾਲ ਸਮੇਤ ਹੋਰਨਾਂ ਪਾਰਟੀਆਂ ਅਤੇ ਹੋਰ ਆਗੂ ਹਾਜ਼ਰ ਸਨ।


shivani attri

Content Editor

Related News