ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ 3 ਘੰਟੇ ਰਿਹਾ ਖਰਾਬ, ਲੋਕ ਹੋਏ ਪ੍ਰੇਸ਼ਾਨ

06/04/2020 2:09:48 PM

ਜਲੰਧਰ (ਚੋਪੜਾ)— ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ 'ਚ ਬੀਤੇ ਦਿਨ ਤੀਜੇ ਦਿਨ ਵੀ ਸਰਵਰ 'ਚ ਆਈ ਖਰਾਬੀ ਕਾਰਨ ਲਾਇਸੈਂਸ ਬਣਾਉਣ ਦਾ ਕੰਮ 3 ਘੰਟੇ ਤੱਕ ਬੰਦ ਰਿਹਾ, ਜਿਸ ਕਾਰਨ ਸਵੇਰ ਤੋਂ ਹੀ ਸੈਂਟਰ 'ਚ ਲਾਇਸੈਂਸ ਬਣਾਉਣ ਆਏ ਬਿਨੇਕਾਰਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ। ਕੋਵਿਡ-19 ਮਹਾਮਾਰੀ ਕਾਰਨ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਵਾਰ-ਵਾਰ ਸਰਵਰ ਦੇ ਖਰਾਬ ਹੋਣ ਕਾਰਨ ਸੈਂਟਰ ਦਾ ਕੰਮ ਰੁਕ ਜਾਣ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਵਰ ਖਰਾਬ ਹੋਣ ਨਾਲ ਲਾਇਸੈਂਸ ਬਣਵਾਉਣ ਆਏ ਬਿਨੈਕਾਰਾਂ ਨੂੰ ਸੈਂਟਰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਸ ਕਾਰਨ ਗੇਟ ਦੇ ਸਾਹਮਣੇ ਲੰਬੀਆਂ ਲਾਈਨਾਂ ਲੱਗ ਗਈਆਂ। ਦੁਪਹਿਰ 12 ਵਜੇ ਦੇ ਲਗਭਗ ਸਰਵਰ ਠੀਕ ਹੋਣ ਤੋਂ ਬਾਅਦ ਲਾਇਸੈਂਸ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਉਪਰੰਤ ਲੋਕਾਂ ਨੂੰ ਰਾਹਤ ਮਿਲੀ। ਇਹ ਵੀ ਵੇਖਣ 'ਚ ਆਇਆ ਹੈ ਕਿ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਹੋ ਰਹੀ ਸੀ। ਟ੍ਰੈਕ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਸਰਵਰ 'ਚ ਖਰਾਬੀ ਸਿਰਫ ਜਲੰਧਰ 'ਚ ਹੀ ਨਹੀਂ ਸਗੋਂ ਪੰਜਾਬ 'ਚ ਪਿਛੋਂ ਹੀ ਆਈ ਹੋਈ ਹੈ।


shivani attri

Content Editor

Related News