ਤਾਸ਼ ਦੀ ਗੇਮ ''ਚ ਰੁੱਝੇ ਰਹੇ ਆਟੋ ਚਾਲਕ, ਲੱਗਾ ਜਾਮ ਤੇ ਲੜਕੀ ਨਾਲ ਵੀ ਕੀਤੀ ਬਦਸਲੂਕੀ

12/05/2019 11:27:20 AM

ਜਲੰਧਰ (ਵਰੁਣ)— ਸ਼ਹਿਰ 'ਚ ਦੌੜ ਰਹੇ ਆਟੋ ਚਾਲਕਾਂ ਦੀ ਮਨਮਰਜ਼ੀ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੁੰਦੀ ਨਜ਼ਰ ਆ ਰਹੀ ਹੈ। ਜੋਤੀ ਚੌਕ ਕੋਲ ਆਟੋ 'ਚ ਬੈਠ 2 ਚਾਲਕ ਤਾਸ਼ ਦੇ ਪੱਤਿਆਂ ਦੀ ਗੇਮ ਖੇਡਦੇ ਰਹੇ, ਜਿਸ ਕਾਰਨ ਰੋਡ 'ਤੇ ਟ੍ਰੈਫਿਕ ਦੀ ਚਾਲ ਵਿਗੜ ਗਈ। ਜੋਤੀ ਚੌਕ ਤੋਂ ਲਾਲ ਰਤਨ ਸਿਨੇਮਾ ਵੱਲ ਜਾਣ ਵਾਲੇ ਰੋਡ 'ਤੇ ਇਕ ਆਟੋ ਯੈਲੋ ਲਾਈਨ ਦੇ ਬਾਹਰ ਖੜ੍ਹਾ ਸੀ, ਜਿਸ ਦੀ ਡਰਾਈਵਿੰਗ ਸੀਟ ਅਤੇ ਨਾਲ ਵਾਲੀ ਸੀਟ 'ਚ ਬੈਠ ਕੇ 2 ਨੌਜਵਾਨ ਤਾਸ਼ ਖੇਡ ਰਹੇ ਸਨ। ਆਟੋ ਕਾਰਨ ਪਿਛੋਂ ਆ ਰਿਹਾ ਟ੍ਰੈਫਿਕ ਰੁਕ-ਰੁਕ ਕੇ ਚੱਲ ਰਿਹਾ ਸੀ ਅਤੇ ਉਥੇ ਕਈ ਵਾਰ ਵਾਹਨਾਂ ਦੀਆਂ ਲਾਈਨਾਂ ਵੀ ਲੱਗ ਚੁੱਕੀਆਂ ਸਨ। ਜੋਤੀ ਚੌਕ 'ਤੇ ਟ੍ਰੈਫਿਕ ਪੁਲਸ ਦਾ ਨਾਕਾ ਹੁੰਦਾ ਹੈ ਪਰ ਇਸ ਆਟੋ ਵਾਲਿਆਂ ਨੂੰ ਬਿਲਕੁਲ ਖੌਫ ਨਹੀਂ ਸੀ। ਇਕ ਲੜਕੀ ਨੇ ਆਟੋ ਵਾਲੇ ਨੂੰ ਆਟੋ ਸਾਈਡ 'ਤੇ ਕਰਨ ਨੂੰ ਕਿਹਾ ਤਾਂ ਆਟੋ ਚਾਲਕ ਉਕਤ ਲੜਕੀ ਨਾਲ ਬਦਸਲੂਕੀ 'ਤੇ ਉਤਰ ਆਇਆ ਅਤੇ ਕਿਹਾ ਕਿ ਪੂਰੀ ਸੜਕ ਖਾਲੀ ਹੈ ਉਥੋਂ ਨਿਕਲ ਜਾਓ। ਲੜਕੀ ਯੈਲੋ ਲਾਈਨ ਦੇ ਅੰਦਰ ਆਪਣੀ ਗੱਡੀ ਖੜ੍ਹੀ ਕਰਨਾ ਚਾਹੁੰਦੀ ਸੀ ਪਰ ਆਟੋ ਵਾਲਿਆਂ ਨੇ ਉਸ ਨੂੰ ਜਗ੍ਹਾ ਤੱਕ ਨਹੀਂ ਦਿੱਤੀ। ਕਰੀਬ ਅੱਧੇ ਘੰਟੇ ਤੱਕ ਆਟੋ ਵਾਲੇ ਉਸ ਜਗ੍ਹਾ 'ਤੇ ਆਟੋ ਖੜ੍ਹਾ ਕਰਕੇ ਆਟੋ 'ਚ ਤਾਸ਼ ਦੇ ਪੱਤਿਆਂ ਦੀ ਆੜ 'ਚ ਜੂਆ ਖੇਡਦੇ ਰਹੇ।

ਸਿਵਲ ਹਸਪਤਾਲ ਸਾਹਮਣੇ ਸ਼ੇਖਾਂ ਬਾਜ਼ਾਰ ਕੋਲ ਬਣ ਚੁੱਕਾ ਹੈ ਨਾਜਾਇਜ਼ ਸਟਾਪਰ
ਆਟੋ ਚਾਲਕਾਂ ਦੀ ਮਰਜ਼ੀ ਦੀ ਗੱਲ ਕਰੀਏ ਤਾਂ ਉਨ੍ਹਾਂ ਅੱਗੇ ਟਰੈਫਿਕ ਪੁਲਸ ਬੇਵੱਸ ਨਜ਼ਰ ਆ ਰਹੀ ਹੈ। ਜੇਕਰ ਟਰੈਫਿਕ ਪੁਲਸ ਸਖਤੀ ਕਰਦੀ ਹੈ ਤਾਂ ਧਰਨੇ ਸ਼ੁਰੂ ਹੋ ਜਾਂਦੇ ਹਨ। ਸਿਵਲ ਹਸਪਤਾਲ ਸਾਹਮਣੇ ਕੁਝ ਆਟੋ ਵਾਲੇ ਗੇਟ ਦੇ ਬਿਲਕੁਲ ਸਾਹਮਣੇ ਸਵਾਰੀਆਂ ਲੈਣ ਲਈ ਕਾਫੀ ਦੇਰ ਆਟੋ ਲੈ ਕੇ ਖੜ੍ਹੇ ਰਹਿੰਦੇ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਉਨ੍ਹਾਂ ਕਾਰਨ ਕੋਈ ਐਂਬੂਲੈਂਸ ਜਾਮ 'ਚ ਫਸ ਸਕਦੀ ਹੈ। ਕੁਝ ਸਮਾਂ ਪਹਿਲਾਂ ਅਜਿਹੇ ਆਟੋ ਵਾਲਿਆਂ ਨੂੰ ਖਦੇੜਨ ਲਈ ਸਿਵਲ ਹਸਪਤਾਲ ਦੇ ਬਾਹਰ ਟਰੈਫਿਕ ਕਰਮਚਾਰੀ ਵੀ ਤਾਇਨਾਤ ਕੀਤਾ ਸੀ ਪਰ ਬਾਅਦ 'ਚ ਉਸ ਨੂੰ ਹਟਾ ਦਿੱਤਾ ਗਿਆ। ਇਹੋ ਹਾਲ ਜੋਤੀ ਚੌਕ ਅਤੇ ਸ਼ੇਖਾਂ ਬਾਜ਼ਾਰ ਦੇ ਬਾਹਰ ਹੈ। ਪੁਲਸ ਬੂਥ ਦੇ ਬਿਲਕੁਲ ਸਾਹਮਣੇ ਆਟੋ ਵਾਲੇ ਰੋਡ 'ਤੇ ਹੀ ਆਟੋ ਰੋਕ ਲੈਂਦੇ ਹਨ, ਜਿਸ ਕਾਰਨ ਸਿਵਲ ਹਸਪਤਾਲ ਤੋਂ ਆਉਣ ਵਾਲਾ ਟਰੈਫਿਕ ਰੁਕ-ਰੁਕ ਕੇ ਚਲਦਾ ਹੈ। ਪੁਲਸ ਵਾਲਿਆਂ ਦੀ ਵੀ ਇਹ ਆਟੋ ਵਾਲੇ ਨਹੀਂ ਸੁਣਦੇ।

ਮਸਜਿਦ ਸਾਹਮਣਿਓਂ ਯੂ-ਟਰਨ ਬੰਦ ਹੋਣ ਨਾਲ ਘਟਿਆ ਜਾਮ
ਜੋਤੀ ਚੌਕ ਨੇੜੇ ਸਥਿਤ ਮਸਜਿਦ ਸਾਹਮਣੇ ਯੂ-ਟਰਨ ਨੂੰ ਬੰਦ ਕਰਨ ਤੋਂ ਬਾਅਦ ਟਰੈਫਿਕ ਜਾਮ ਦੀ ਸਮੱਸਿਆ ਕਾਫੀ ਘੱਟ ਹੋਈ ਹੈ। ਯੂ-ਟਰਨ ਬੰਦ ਹੋਣ ਕਾਰਨ ਟਰੈਫਿਕ ਪੁਲਸ ਨੇ ਇਥੇ ਬੈਰੀਗੇਟ ਤਾਂ ਲਗਾਏ ਹਨ ਪਰ ਉਸ ਦੇ ਨਾਲ-ਨਾਲ 2 ਟਰੈਫਿਕ ਕਰਮਚਾਰੀ ਵੀ ਤਾਇਨਾਤ ਕਰ ਦਿੱਤੇ ਹਨ। ਕਿਸੇ ਨੂੰ ਵੀ ਉਥੇ ਯੂ-ਟਰਨ ਲੈਣ ਨਹੀਂ ਦਿੱਤਾ ਜਾ ਰਿਹਾ। ਆਟੋ ਵਾਲੇ ਜੇਕਰ ਅਜਿਹਾ ਕੰਮ ਕਰ ਰਹੇ ਸਨ ਤਾਂ ਆਟੋ ਵਾਲਿਆਂ ਦਾ ਨੰਬਰ ਪਤਾ ਲਗਾ ਕੇ ਉਸ ਦਾ ਚਲਾਨ ਕੀਤਾ ਜਾਵੇਗਾ। ਇਹ ਬਿਲਕੁਲ ਸਹਿਣ ਨਹੀਂ ਕੀਤਾ ਜਾ ਸਕਦਾ ਕਿ ਕੋਈ ਸੜਕ ਵਿਚਕਾਰ ਆਟੋ ਖੜ੍ਹਾ ਕਰੇ। ਆਟੋ ਵਾਲਿਆਂ ਦੀ ਮਰਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਕੋਈ ਵੀ ਹੋਵੇ, ਉਸ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

shivani attri

This news is Content Editor shivani attri