19 ਬੱਚੇ ਆਟੋ ''ਚ ਦੇਖ ਕੇ ਟ੍ਰੈਫਿਕ ਪੁਲਸ ਨੇ ਕੀਤਾ ਪਿੱਛਾ, ਚਾਲਕ ਨੇ ਭਜਾਏ ਰੇਲਵੇ ਟਰੈਕ ਵੱਲ 5 ਬੱਚੇ

02/27/2020 5:16:18 PM

ਜਲੰਧਰ (ਵਰੁਣ)— ਪੀ. ਏ. ਪੀ. ਚੌਕ 'ਚ ਨਾਕਾ ਦੇਖ ਕੇ ਭੱਜੇ ਆਟੋ 'ਚ 19 ਬੱਚਿਆਂ ਨੂੰ ਦੇਖ ਕੇ ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਪਿੱਛਾ ਕਰ ਕੇ ਆਟੋ ਨੂੰ ਰੋਕਿਆ ਤਾਂ ਪੁਲਸ ਨੂੰ ਚਕਮਾ ਦੇਣ ਲਈ ਆਟੋ ਵਾਲੇ ਨੇ 5 ਬੱਚਿਆਂ ਨੂੰ ਆਟੇ 'ਚੋਂ ਉਤਾਰ ਕੇ ਰੇਲਵੇ ਲਾਈਨਾਂ ਵੱਲ ਭਜਾ ਦਿੱਤਾ। ਜ਼ਿਕਰਯੋਗ ਹੈ ਕਿ ਇੰਸਪੈਕਟਰ ਰਮੇਸ਼ ਲਾਲ ਨੇ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਨੂੰ ਟ੍ਰੈਕ ਵੱਲ ਜਾਣ ਤੋਂ ਰੋਕ ਲਿਆ ਅਤੇ ਵਾਪਸ ਸੱਦ ਲਿਆ।
ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਉਹ ਪੀ. ਏ. ਪੀ. ਚੌਕ ਤੋਂ ਰਾਮਾ ਮੰਡੀ ਚੌਕ ਪੈਟਰੋਲਿੰਗ ਕਰਦੇ ਜਾ ਰਹੇ ਸਨ। ਪੀ. ਏ. ਪੀ. ਚੌਕ 'ਤੇ ਟਰੈਫਿਕ ਪੁਲਸ ਦਾ ਨਾਕਾ ਸੀ। ਉਨ੍ਹਾਂ ਦੇਖਿਆ ਕਿ ਇਕ ਆਟੋ 'ਚ ਕਾਫੀ ਬੱਚੇ ਬੈਠੇ ਸਨ, ਜਿਸ ਦੇ ਚਾਲਕ ਨੇ ਚੌਕ 'ਤੇ ਨਾਕਾ ਦੇਖ ਕੇ ਆਟੋ ਘੁਮਾ ਲਿਆ ਅਤੇ ਦਕੋਹੇ ਵੱਲ ਚਲਾ ਗਿਆ। ਉਹ ਵੀ ਪਿੱਛਾ ਕਰਦੇ ਹੋਏ ਦਕੋਹਾ ਪਹੁੰਚ ਗਏ ਅਤੇ ਆਟੋ ਦੇ ਅੱਗੇ ਗੱਡੀ ਲਾ ਲਈ। ਆਟੋ 'ਚ 19 ਬੱਚੇ ਸਵਾਰ ਸਨ। ਉਨ੍ਹਾਂ ਨੇ ਆਪਣੀ ਟੀਮ ਨੂੰ ਮੌਕੇ 'ਤੇ ਬੁਲਾਉਣ ਲਈ ਫੋਨ ਕੀਤਾ ਤਾਂ ਆਟੋ ਚਾਲਕ ਨੇ ਚਲਾਨ ਦੇ ਡਰੋਂ ਆਟੋ 'ਚ ਸਵਾਰ 19 ਬੱਚਿਆਂ 'ਚੋਂ 5 ਬੱਚੇ ਉਤਾਰ ਕੇ ਰੇਲਵੇ ਟ੍ਰੈਕ ਵੱਲ ਭਜਾ ਦਿੱਤੇ। ਮੌਕੇ 'ਤੇ ਪਹੁੰਚੀ ਟਰੈਫਿਕ ਪੁਲਸ ਦੀ ਟੀਮ ਨੇ ਆਟੋ ਨੂੰ ਇੰਪਾਊਂਡ ਕੀਤਾ ਅਤੇ ਬੱਚਿਆਂ ਨੂੰ ਘਰ ਛੱਡਣ ਤੋਂ ਬਾਅਦ ਪੁਲਸ ਲਾਈਨ 'ਚ ਆਟੋ ਖੜ੍ਹਾ ਕਰਵਾ ਦਿੱਤਾ।

ਪ੍ਰਾਈਵੇਟ ਸਕੂਲੀ ਵਾਹਨਾਂ ਲਈ ਇਹ ਹਨ ਗਾਈਡ ਲਾਈਨਸ
ਸਾਰੇ ਸਕੂਲੀ ਵਾਹਨਾਂ ਦੇ ਡਰਾਈਵਰ ਦਾ 5 ਸਾਲ 'ਚ ਕਿਸੇ ਵੀ ਟਰੈਫਿਕ ਨਿਯਮ ਦੀ ਉਲੰਘਣਾ ਕਰਨ ਦਾ 3 ਜਾਂ 3 ਤੋਂ ਜ਼ਿਆਦਾ ਵਾਰ ਚਲਾਨ ਨਾ ਹੋਇਆ ਹੋਵੇ ਅਤੇ ਨਾ ਹੀ ਰੋਡ ਐਕਸੀਡੈਂਟ ਦਾ ਕੋਈ ਕੇਸ ਹੋਵੇ।
ਸਕੂਲੀ ਬੱਚਿਆਂ ਨੂੰ ਲਿਜਾ ਰਹੇ ਪ੍ਰਾਈਵੇਟ ਵਾਹਨਾਂ ਵਾਲਿਆਂ ਨੂੰ ਵੀ ਵਰਦੀ ਪੁਆਉਣੀ ਜ਼ਰੂਰੀ ਹੈ ਅਤੇ ਨੇਮ ਪਲੇਟ ਵੀ ਲਾਉਣੀ ਪਵੇਗੀ।
ਸਕੂਲੀ ਵਾਹਨਾਂ 'ਚ ਸਮਰਥਾਂ ਤੋਂ ਜ਼ਿਆਦਾ ਬੱਚਿਆਂ ਨੂੰ ਨਾ ਬਿਠਾਇਆ ਜਾਵੇ।
ਸਾਰੇ ਸਕੂਲ ਵਾਹਨ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਸਪੀਡ 'ਤੇ ਵਾਹਨ ਨਹੀਂ ਚਲਾਉਣਗੇ।
ਮਾਤਾ-ਪਿਤਾ ਹਰ ਤਰ੍ਹਾਂ ਦੇ ਪ੍ਰਾਈਵੇਟ ਸਕੂਲੀ ਵਾਹਨਾਂ ਦੇ ਡਰਾਈਵਰਾਂ ਦਾ ਸਾਰਾ ਰਿਕਾਰਡ ਆਪਣੇ ਕੋਲ ਰੱਖਣਗੇ।
ਸਾਰੇ ਸਕੂਲੀ ਵਾਹਨਾਂ ਦੇ ਡਰਾਈਵਰ ਡਰਾਈਵਿੰਗ ਲਾਇਸੈਂਸ, ਫਿਟਨੈੱਸ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣਗੇ।
ਸਕੂਲ ਦੀ ਮੈਨੇਜਮੈਂਟ ਇਕ ਰਜਿਸਟਰ ਤਿਆਰ ਕਰੇਗੀ, ਜਿਸ 'ਚ ਸਾਰੇ ਡਰਾਈਵਰ/ਕੰਡਕਟਰ ਵਾਹਨਾਂ ਸਬੰਧੀ ਸਾਰੀ ਜਾਣਕਾਰੀ ਦਰਜ ਕਰਨਗੇ ਅਤੇ ਪ੍ਰਬੰਧਕ ਇਨ੍ਹਾਂ ਵਾਹਨਾਂ ਦੀ ਹਰ ਹਫਤੇ ਚੈਕਿੰਗ ਕਰਨਗੇ।
ਕੰਡਮ ਵਾਹਨਾਂ ਦਾ ਇਸਤੇਮਾਲ ਕਿਸੇ ਵੀ ਹਾਲਤ 'ਚ ਨਹੀਂ ਕੀਤਾ ਜਾ ਸਕਦਾ ਤਾਂ ਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣੇ।
ਸਮੂਹ ਸਕੂਲ ਪ੍ਰਬੰਧਕ ਬੱਸ/ਵੈਨ ਅਤੇ ਆਟੋ ਦੇ ਡਰਾਈਵਰਾਂ, ਕੰਡਕਟਰਾਂ ਦੇ ਨਾਲ ਹਰ ਮਹੀਨੇ ਮੀਟਿੰਗ ਕਰ ਕੇ ਸਾਰੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਹੁਕਮ ਦਿੰਦੇ ਰਹਿਣਗੇ।

ਟਰੈਫਿਕ ਪੁਲਸ ਦੀ ਕਾਰਵਾਈ ਜਾਰੀ ਰਹੇਗੀ : ਡੀ. ਸੀ. ਪੀ. ਟਰੈਫਿਕ
ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਟਰੈਫਿਕ ਪੁਲਸ ਵਲੋਂ ਓਵਰਲੋਡਿਡ ਸਕੂਲੀ ਵਾਹਨ ਅਤੇ ਕਿਸੇ ਤਰ੍ਹਾਂ ਦੇ ਨਿਯਮ ਤੋੜਣ ਵਾਲੇ ਅਜਿਹੇ ਵਾਹਨਾਂ ਖਿਲਾਫ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਠੇਕੇ 'ਤੇ ਲਏ ਵਾਹਨਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਵੱਲ ਧਿਆਨ ਦਿਓ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਾ ਕਰੋ।
ਪ੍ਰਸ਼ਾਸਨ ਦੇ ਨਾਲ-ਨਾਲ ਸਕੂਲ ਮੈਨੇਜਮੈਂਟ ਦੀ ਵੀ ਜ਼ਿੰਮੇਵਾਰੀ : ਐੱਮ. ਪੀ. ਸਿੰਘ
ਪ੍ਰੋ. ਐੱਮ. ਪੀ. ਸਿੰਘ ਦਾ ਇਸ ਮਾਮਲੇ ਸਬੰਧੀ ਕਹਿਣਾ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਂ ਫਿਰ ਟਰੈਫਿਕ ਪੁਲਸ ਨਹੀਂ ਸਗੋਂ ਸਕੂਲ ਮੈਨੇਜਮੈਂਟ ਵੀ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖੇ ਅਤੇ ਬੱਚਿਆਂ ਦੇ ਵਾਹਨ ਓਵਰਲੋਡਿਡ ਨਾ ਹੋਣ ਦੇਣ।

ਮਾਤਾ-ਪਿਤਾ ਦਾ ਵੀ ਧਿਆਨ ਦੇਣਾ ਜ਼ਰੂਰੀ : ਮਨੀਸ਼ਾ ਭੁਟਾਨੀ
ਇਕ ਮਾਂ ਹੋਣ ਤੋਂ ਇਲਾਵਾ ਐਕਟੀਵਿਸਟ ਮਨੀਸ਼ਾ ਭੁਟਾਨੀ ਦਾ ਕਹਿਣਾ ਹੈ ਕਿ ਮਾਤਾ-ਪਿਤਾ ਬੱਚਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਾ ਦਿਖਾਉਣ। ਉਨ੍ਹਾਂ ਕਿਹਾ ਕਿ ਸਕੂਲੀ ਵਾਹਨ ਜੇਕਰ ਕੰਡਮ ਹੈ ਜਾਂ ਫਿਰ ਡਰਾਈਵਰ ਨਸ਼ੇ 'ਚ ਹੈ ਤਾਂ ਬੱਚੇ ਇਸ ਗੱਲ ਦੀ ਸ਼ਿਕਾਇਤ ਸਕੂਲ ਪ੍ਰਬੰਧਕਾਂ ਨੂੰ ਕਰਨ। ਮਨੀਸ਼ਾ ਨੇ ਕਿਹਾ ਕਿ ਉਹ ਖੁਦ ਬੱਚਿਆਂ ਨੂੰ ਸਕੂਲ ਛੱਡ ਕੇ ਅਤੇ ਘਰ ਵਾਪਸ ਲੈ ਕੇ ਆਉਂਦੀ ਹੈ ਅਤੇ ਹਮੇਸ਼ਾ ਟਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਦੀ ਹੈ।

shivani attri

This news is Content Editor shivani attri