ਪ੍ਰਾਪਰਟੀ ਡੀਲਰ ਦੀ ਗੱਡੀ ’ਚੋਂ ਮਾਸੀ ਦੇ ਬੇਟੇ ਨੇ ਚੋਰੀ ਕੀਤੀ ਲਾਇਸੈਂਸੀ ਰਿਵਾਲਵਰ, ਗ੍ਰਿਫ਼ਤਾਰ

04/17/2024 4:40:33 PM

ਜਲੰਧਰ (ਜ. ਬ.)–ਫ੍ਰੈਂਡਜ਼ ਕਾਲੋਨੀ ਵਿਚ ਰਹਿਣ ਵਾਲੇ ਪ੍ਰਾਪਰਟੀ ਡੀਲਰ ਦੀ ਕਾਰ ਵਿਚੋਂ ਉਸ ਦੀ ਮਾਸੀ ਦੇ ਬੇਟੇ ਨੇ ਲਾਇਸੈਂਸੀ ਰਿਵਾਲਵਰ ਚੋਰੀ ਕਰ ਲਈ। ਕਾਰ ਵਿਚੋਂ ਜਦੋਂ ਰਿਵਾਲਵਰ ਨਾ ਮਿਲੀ ਤਾਂ ਡੀਲਰ ਨੇ ਆਪਣੀ ਮਾਸੀ ਦੇ ਬੇਟੇ ਤੋਂ ਵੀ ਪੁੱਛਿਆ ਪਰ ਉਸ ਵੱਲੋਂ ਸ਼ੱਕੀ ਜਵਾਬ ਦੇਣ ’ਤੇ ਡੀਲਰ ਨੇ ਰਿਵਾਲਵਰ ਚੋਰੀ ਹੋਣ ਦੀ ਸ਼ਿਕਾਇਤ ਥਾਣਾ ਨੰਬਰ 7 ਵਿਚ ਦਿੱਤੀ ਅਤੇ ਮਾਸੀ ਦੇ ਬੇਟੇ ’ਤੇ ਸ਼ੱਕ ਪ੍ਰਗਟਾਇਆ। ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮਾਸੀ ਦੇ ਬੇਟੇ ਨੇ ਦੋਸ਼ਾਂ ਨੂੰ ਮੰਨ ਲਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਾਪਰਟੀ ਡੀਲਰ ਪ੍ਰਿਤਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਫ੍ਰੈਂਡਜ਼ ਕਾਲੋਨੀ ਖੁਰਲਾ ਕਿੰਗਰਾ ਨੇ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਉਸ ਦੀ ਮਾਸੀ ਦਾ ਬੇਟਾ ਜਗਜੀਤ ਸਿੰਘ ਉਰਫ ਲਵਲੀ ਪੁੱਤਰ ਜਸਵਿੰਦਰ ਸਿੰਘ ਨਿਵਾਸੀ ਰੈਜ਼ੀਡੈਂਸੀ ਵਿਹਾਰ ਉਸਦੀ ਗੱਡੀ ਚਲਾ ਰਿਹਾ ਹੈ। ਚੋਣਾਂ ਕਾਰਨ 8 ਅਪ੍ਰੈਲ ਨੂੰ ਉਸ ਨੂੰ ਲਾਇਸੈਂਸੀ ਹਥਿਆਰ ਥਾਣੇ ਵਿਚ ਜਮ੍ਹਾ ਕਰਵਾਉਣ ਲਈ ਮੈਸੇਜ ਆਇਆ ਸੀ। ਉਹ ਆਪਣਾ ਰਿਵਾਲਵਰ ਬੈਗ ਵਿਚ ਪਾ ਕੇ ਥਾਣੇ ਜਮ੍ਹਾ ਕਰਵਾਉਣ ਲਈ ਨਿਕਲਿਆ, ਜਦਕਿ ਜਗਜੀਤ ਸਿੰਘ ਗੱਡੀ ਚਲਾ ਰਿਹਾ ਸੀ। ਸ਼ਾਮ ਲੱਗਭਗ 6 ਵਜੇ ਉਸ ਨੂੰ ਜ਼ਰੂਰੀ ਕੰਮ ਘਰ ਜਾਣਾ ਪਿਆ। ਘਰ ਪਹੁੰਚਿਆ ਤਾਂ ਉਹ ਗੱਡੀ ਵਿਚੋਂ ਉਤਰ ਕੇ ਅੰਦਰ ਚਲਾ ਗਿਆ, ਜਦੋਂ ਕਿ ਮਾਸੀ ਦਾ ਬੇਟਾ ਵੀ ਗੱਡੀ ਖੜ੍ਹੀ ਕਰਕੇ ਚਾਬੀ ਘਰ ਵਿਚ ਰੱਖ ਕੇ ਚਲਾ ਗਿਆ।

ਇਹ ਵੀ ਪੜ੍ਹੋ: ਰਾਮ ਨੌਮੀ ਮੌਕੇ ਜਲੰਧਰ 'ਚ ਰਾਮ ਨਾਮ ਦੀ ਧੂਮ, ਸ਼ੋਭਾ ਯਾਤਰਾ ਮੌਕੇ ਸਾਬਕਾ CM ਚੰਨੀ ਸਣੇ ਪੁੱਜੀਆਂ ਕਈ ਸ਼ਖ਼ਸੀਅਤਾਂ

ਕੁਝ ਸਮੇਂ ਬਾਅਦ ਉਸ ਨੂੰ ਯਾਦ ਆਇਆ ਕਿ ਉਸਦਾ ਵੈਪਨ ਗੱਡੀ ਵਿਚ ਹੀ ਰਹਿ ਗਿਆ ਹੈ। ਜਿਉਂ ਹੀ ਉਹ ਚਾਬੀ ਲੈ ਕੇ ਵੈਪਨ ਲੈਣ ਗਿਆ ਤਾਂ ਦੇਖਿਆ ਕਿ ਕਾਰ ਵਿਚੋਂ ਉਸ ਦਾ 32 ਬੋਰ ਦਾ ਵੈਪਨ ਗਾਇਬ ਸੀ। ਉਸ ਨੇ ਜਗਜੀਤ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਵੀ ਕੋਈ ਉਚਿਤ ਜਵਾਬ ਨਹੀਂ ਦਿੱਤਾ। ਕਾਫ਼ੀ ਸਮੇਂ ਤਕ ਉਹ ਵੈਪਨ ਦੀ ਭਾਲ ਕਰਦਾ ਰਿਹਾ ਪਰ ਉਸ ਨੂੰ ਸ਼ੱਕ ਸੀ ਕਿ ਜਗਜੀਤ ਨੇ ਹੀ ਕਾਰ ਵਿਚੋਂ ਉਸ ਦਾ ਵੈਪਨ ਚੋਰੀ ਕੀਤਾ ਹੈ। ਇਸ ਸਬੰਧੀ ਡੀਲਰ ਪ੍ਰਿਤਪਾਲ ਨੇ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਪੁੱਛਗਿੱਛ ਲਈ ਜਗਜੀਤ ਨੂੰ ਬੁਲਾਇਆ ਪਰ ਉਹ ਉਦੋਂ ਵੀ ਪੁਲਸ ਨੂੰ ਝਕਾਨੀ ਦਿੰਦਾ ਰਿਹਾ ਪਰ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਜਗਜੀਤ ਨੇ ਸੱਚ ਕਬੂਲ ਲਿਆ। ਜਗਜੀਤ ਨੇ ਦੱਸਿਆ ਕਿ ਉਸਨੇ ਹੀ ਗੱਡੀ ਵਿਚੋਂ ਵੈਪਨ ਚੋਰੀ ਕੀਤਾ ਸੀ। ਉਹ ਵਿਖਾਵੇ ਲਈ ਆਪਣੇ ਕੋਲ ਉਕਤ ਵੈਪਨ ਰੱਖਣਾ ਚਾਹੁੰਦਾ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਚੋਰੀ ਦਾ 32 ਬੋਰ ਦਾ ਵੈਪਨ ਅਤੇ 7 ਗੋਲ਼ੀਆਂ ਬਰਾਮਦ ਕਰ ਲਈਆਂ ਹਨ।

ਇਹ ਵੀ ਪੜ੍ਹੋ: ਜਿਸ ਥਾਂ 'ਤੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਉਸੇ ਥਾਂ 'ਤੇ ਪਤਨੀ ਨੇ ਗਲ਼ ਲਾਈ ਮੌਤ, 6 ਮਹੀਨੇ ਪਹਿਲਾਂ ਹੋਇਆ ਸੀ ਵਿਆਹ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha