ਚੋਰ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਗੁਆਂਢੀ ਨੂੰ ਇੱਟ ਮਾਰ ਕੇ ਭੱਜਿਆ ਮੁਲਜ਼ਮ

01/29/2020 1:08:49 PM

ਜਲੰਧਰ (ਵਰੁਣ)— ਨਾਗਰ ਰੋਡ 'ਤੇ ਇਕ ਪ੍ਰਵਾਸੀ ਦੇ ਕੁਆਰਟਰ 'ਚੋਂ ਕੈਸ਼ ਚੋਰੀ ਕਰਕੇ ਭੱਜ ਰਹੇ ਚੋਰ ਨੂੰ ਗੁਆਂਢੀ ਨੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਚੋਰ ਗੁਆਂਢੀ ਨੂੰ ਇੱਟ ਮਾਰ ਕੇ ਫਰਾਰ ਹੋ ਗਿਆ। ਇਸ ਦੌਰਾਨ ਗੁਆਂਢੀ ਜ਼ਖ਼ਮੀ ਹੋ ਗਿਆ ਅਤੇ ਚੋਰ ਆਪਣੀ ਐਕਟਿਵਾ ਉਥੇ ਹੀ ਛੱਡ ਗਿਆ। ਥਾਣਾ ਨੰ. 1 ਦੀ ਪੁਲਸ ਨੇ ਐਕਟਿਵਾ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਸੁਬੋਧ ਕੁਮਾਰ ਪੁੱਤਰ ਸਿਆ ਰਾਮ ਵਾਸੀ ਨਾਗਰਾ ਰੋਡ ਨੇ ਦੱਸਿਆ ਕਿ ਮੰਗਲਵਾਰ ਨੂੰ ਚੋਰ ਉਸ ਦੇ ਦੋਸਤ ਫਰਿੰਦਰ ਗਿਰੀ ਦੇ ਕੁਆਰਟਰ ਦੇ ਤਾਲੇ ਤੋੜ ਕੇ ਚੋਰੀ ਕਰਕੇ ਜਾਂਦੇ ਹੋਏ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਉਸ ਨੇ ਚੋਰ ਨੂੰ ਦੇਖ ਲਿਆ। ਜਿਵੇਂ ਹੀ ਚੋਰ ਉਸ ਨੂੰ ਦੇਖ ਕੇ ਭੱਜਣ ਲੱਗਾ ਤਾਂ ਉਸ ਨੇ ਚੋਰ ਨੂੰ ਕਾਬੂ ਕਰ ਲਿਆ ਪਰ ਚੋਰ ਨੇ ਉਸ ਦੇ ਇੱਟ ਮਾਰ ਦਿੱਤੀ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਮੌਕੇ ਦਾ ਫਾਇਦਾ ਉਠਾ ਕੇ ਚੋਰ ਆਪਣੀ ਐਕਟਿਵਾ ਛੱਡ ਕੇ ਭੱਜ ਗਿਆ। ਇਸ ਬਾਰੇ ਫਰਿੰਦਰ ਗਿਰੀ ਨੂੰ ਸੂਚਨਾ ਦਿੱਤੀ ਤਾਂ ਕੁਆਰਟਰ 'ਚ ਆ ਕੇ ਦੇਖਿਆ ਕਿ 40 ਹਜ਼ਾਰ ਰੁਪਏ ਨਹੀਂ ਸਨ। ਸੂਚਨਾ ਮਿਲਦੇ ਹੀ ਥਾਣਾ ਨੰ. 1 ਦੇ ਏ. ਐੱਸ. ਆਈ ਸਤਨਾਮ ਸਿੰਘ ਮੌਕੇ 'ਤੇ ਪਹੁੰਚੇ ਅਤੇ ਐਕਟਿਵਾ ਨੂੰ ਕਬਜ਼ੇ 'ਚ ਲੈ ਲਿਆ। ਐਕਟਿਵਾ ਦੀ ਡਿੱਕੀ ਦਾ ਲਾਕ ਵੀ ਟੁੱਟਾ ਹੋਇਆ ਸੀ, ਜਿਸ ਤੋਂ ਲੱਗਦਾ ਹੈ ਕਿ ਉਕਤ ਐਕਟਿਵਾ ਵੀ ਚੋਰੀ ਦੀ ਹੈ। ਐਕਟਿਵਾ ਤੋਂ ਮਿਲੀ ਆਰ. ਸੀ. ਮੋਹਿੰਦਰ ਪਾਲ ਵਾਸੀ ਨਿਊ ਅਸ਼ੋਕ ਨਗਰ ਦੇ ਨਾਂ ਦੀ ਹੈ। ਥਾਣਾ ਨੰ. 1 ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


shivani attri

Content Editor

Related News