ਨਿਰੰਕਾਰੀ ਭਵਨ ’ਤੇ ਹੋਏ ਹਮਲੇ ਦੇ ਜ਼ਿੰਮੇਵਾਰਾਂ ਅਤੇ ਪਿੱਛੇ ਖੜ੍ਹੀਅਾਂ ਤਾਕਤਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ : ਅਵਤਾਰ ਹੈਨਰੀ

11/19/2018 6:28:24 AM

ਜਲੰਧਰ,    (ਚੋਪੜਾ)-  ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀਅਾਂ ਸਾਜ਼ਿਸ਼ਾਂ  ਨੂੰ ਕੈਪਟਨ ਅਮਰਿੰਦਰ ਸਰਕਾਰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਹਮਲੇ ਦੇ ਜ਼ਿੰਮੇਵਾਰਾਂ ਤੇ ਸਮਾਜ ਵਿਰੋਧੀ ਤਾਕਤਾਂ ’ਤੇ ਸਖਤੀ ਨਾਲ ਨਕੇਲ ਕੱਸੀ ਜਾਵੇਗੀ। ਉਕਤ ਸ਼ਬਦ  ਪੰਜਾਬ ਸੂਬਾ ਕਾਂਗਰਸ ਦੇ ਉਪ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ  ਅੰਮ੍ਰਿਤਸਰ ਵਿਚ ਨਿਰੰਕਾਰੀ ਭਵਨ ਵਿਚ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਨ ਦੌਰਾਨ ਕਹੇ। 
ਹੈਨਰੀ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਲੋਕ ਅਜਿਹੇ  ਹਮਲਿਆਂ  ਤੇ  ਨਫਰਤ   ਦੇ  ਮਾੜੇ  ਮਨਸੂਬਿਆਂ  ਅੱਗੇ   ਝੁਕਣ   ਵਾਲੇ   ਨਹੀਂ  ਹਨ।  ਉਨ੍ਹਾਂ ਨੇ ਮਾਰੇ ਗਏ ਮਾਸੂਮ ਲੋਕਾਂ ਦੇ ਪਰਿਵਾਰ ਵਾਲਿਆਂ ਨਾਲ ਦੁੱਖ ਜ਼ਾਹਿਰ  ਕਰਦੇ ਹੋਏ ਕਿਹਾ ਕਿ ਹਮਲੇ ਦੇ ਜ਼ਿੰਮੇਵਾਰਾਂ ਤੇ ਪਿੱਛੇ ਖੜ੍ਹੀਆਂ ਤਾਕਤਾਂ ਨਾਲ ਸਖਤੀ ਨਾਲ  ਨਿਪਟਿਆ ਜਾਵੇਗਾ। ਹੈਨਰੀ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਕਈ ਦਹਾਕਿਅਾਂ  ਤੱਕ ਅੱਤਵਾਦੀਆਂ  ਦਾ ਕਾਲਾ ਦੌਰ ਦੇਖਿਆ ਹੈ ਪਰ ਅੱਜ ਦੇਸ਼ ਵਿਰੋਧੀ ਤਾਕਤਾਂ ਖਿਲਾਫ ਸਾਰੇ ਧਰਮਾਂ ਅਤੇ  ਭਾਈਚਾਰਿਅਾਂ ਦੇ ਲੋਕ ਪੂਰੀ ਇਕਜੁਟਤਾ  ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ  ਮੁੱਖ ਮੰਤਰੀ ਬੇਅੰਤ ਸਿੰਘ  ਤੇ ਸੈਕੜੇਂ ਲੋਕਾਂ ਨੇ ਆਪਣੀਅਾਂ ਸ਼ਹਾਦਤਾਂ ਦੇ ਕੇ ਸੂਬੇ ਵਿਚ ਅਮਨ ਤੇ  ਸ਼ਾਂਤੀ ਦਾ ਮਾਹੌਲ ਸਥਾਪਤ ਕੀਤਾ ਸੀ ਜਿਸ ਨੂੰ ਹੁਣ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।  ਹੈਨਰੀ ਨੇ ਕਿਹਾ ਕਿ ਮੋਦੀ ਨੂੰ ਚਾਹੀਦਾ ਹੈ ਕਿ ਗੁਆਂਢੀ ਦੇਸ਼ ਤੇ ਵਿਦੇਸ਼ ਤੋਂ ਪੰਜਾਬ ਵਿਚ  ਫਿਰ ਤੋਂ ਅੱਤਵਾਦ ਫੈਲਾਉਣ ਨੂੰ ਲੈ ਕੇ ਸਹਾਇਤਾ ਤੇ ਫੰਡਿੰਗ ’ਤੇ ਸਖਤੀ ਨਾਲ ਨਕੇਲ ਪਾ ਸਕੇ  ਅਤੇ ਬਾਰਡਰ ’ਤੇ ਸੁਰੱਖਿਆ ਨੂੰ  ਹੋਰ ਵੀ ਜ਼ਿਆਦਾ ਸਖਤ ਕੀਤਾ ਜਾਵੇਗਾ ਤਾਂ ਜੋ  ਘੁਸਪੈਠ ਤੇ ਅੱਤਵਾਦੀਆਂ ਨੂੰ ਮਿਲ ਰਹੀ ਸਹਾਇਤਾ ਬੰਦ ਹੋ ਸਕੇ।