ਵੀਡੀਓ ਬਣਾਉਣ ''ਤੇ ਏ.ਐੱਸ.ਆਈ. ਨੇ ਕੁੱਟਿਆ 12 ਸਾਲਾ ਲੜਕਾ

07/12/2019 1:09:51 AM

ਜਲੰਧਰ (ਮ੍ਰਿਦੂਲ)— ਥਾਣਾ ਰਾਮਾ ਮੰਡੀ 'ਚ ਤਾਇਨਾਤ ਏ. ਐੱਸ. ਆਈ. ਬਲਜੀਤ ਸਿੰਘ 'ਤੇ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਨੇ 12 ਸਾਲਾ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਦੋਸ਼ ਲਾਇਆ ਹੈ। ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਨਾਲ ਖੁਦ ਕਿਸ਼ਨ ਲਾਲ ਸ਼ਰਮਾ ਨੇ ਐੱਸ. ਐੱਚ. ਓ. ਰਾਮਾਮੰਡੀ ਸੁਖਜੀਤ ਸਿੰਘ ਨੂੰ ਇਸ ਸਬੰਧੀ ਸ਼ਿਕਾਇਤ ਵੀ ਦਿੱਤੀ ਹੈ। ਬੀਤੇ ਕੁਝ ਦਿਨ ਪਹਿਲਾਂ ਰਾਮਾ ਮੰਡੀ ਇਲਾਕੇ 'ਚ ਲੜਾਈ-ਝਗੜੇ ਦੌਰਾਨ ਧਾਰਾ 326 ਦੇ ਤਹਿਤ ਕੇਸ ਦਰਜ ਕੀਤਾ ਗਿਆ। ਜਿਸ ਨੂੰ ਲੈ ਕੇ ਕੁਝ ਮੁਲਜ਼ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਸੀ ਪਰ ਕੁਝ ਮੁਲਜ਼ਮ ਫਰਾਰ ਸਨ। ਅੱਜ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਬਲਜੀਤ ਸਿੰਘ ਉਪਕਾਰ ਨਗਰ ਇਲਾਕੇ 'ਚ ਰੇਡ ਕਰਨ ਆਏ ਸਨ। ਜਿਸ ਕਾਰਨ ਪੁਲਸ ਦੀ ਲੋਕਾਂ ਨਾਲ ਗਰਮਾ-ਗਰਮੀ ਹੋ ਗਈ। ਇਸ ਦੌਰਾਨ ਇਕ 12 ਸਾਲ ਦੇ ਬੱਚੇ ਨੇ ਪੁਲਸ ਦੀ ਕਾਰਵਾਈ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਨੂੰ ਲੈ ਕੇ ਏ. ਐੱਸ. ਆਈ. ਬਲਜੀਤ ਸਿੰਘ ਨੇ ਉਕਤ ਬੱਚੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਬਾਅਦ 'ਚ ਮੁਆਫੀਨਾਮਾ ਵੀ ਲਿਆ। ਬੱਚੇ ਦੀ ਮਾਤਾ ਰਜਨੀ ਰਾਣੀ ਨੇ ਪੁਲਸ ਦੀ ਇਸ ਕਾਰਗੁਜ਼ਾਰੀ ਅਤੇ ਧੱਕੇਸ਼ਾਹੀ ਨੂੰ ਦੇਖਦੇ ਹੋਏ ਭਾਜਪਾ ਨੇਤਾ ਕਿਸ਼ਨ ਲਾਲ ਸ਼ਰਮਾ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਸੁਖਜੀਤ ਸਿੰਘ ਨੂੰ ਏ. ਐੱਸ. ਆਈ. ਬਲਜੀਤ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਉਥੇ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਕਲ ਪੁਲਸ ਕਮਿਸ਼ਨਰ ਨੂੰ ਮਿਲਣਗੇ ਅਤੇ ਜੇਕਰ ਕਾਰਵਾਈ ਨਾ ਹੋਈ ਤਾਂ ਕਲ ਨੂੰ ਧਰਨਾ ਲਾਇਆ ਜਾਵੇਗਾ।

ਮੈਂ ਕੋਈ ਕੁੱਟ-ਮਾਰ ਨਹੀਂ ਕੀਤੀ: ਏ. ਐੱਸ. ਆਈ.
ਇਸ ਸਬੰਧੀ ਜਦੋਂ ਏ. ਐੱਸ. ਆਈ. ਬਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਉਪਕਾਰ ਨਗਰ ਇਲਾਕੇ 'ਚ ਕਾਰਵਾਈ ਲਈ ਗਏ ਸਨ। ਉਹ ਵੀ ਸਿਰਫ ਇਸ ਲਈ ਕਿ ਦੋਵੇਂ ਧਿਰਾਂ ਲੜਾਈ-ਝਗੜਾ ਤਾਂ ਨਹੀਂ ਕਰ ਰਹੀਆਂ ਜਦੋਂ ਪੁਲਸ ਕਾਰਵਾਈ ਕਰ ਰਹੀ ਸੀ ਤਾਂ ਉੱਕਤ ਬੱਚੇ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਬੱਚੇ ਨੂੰ ਕਿਹਾ ਕਿ ਉਹ ਅਜਿਹਾ ਨਾ ਕਰੇ। ਕਿਉਂਕਿ ਅਜਿਹਾ ਕਰ ਕੇ ਉਹ ਪੁਲਸ ਦੀ ਕਾਰਵਾਈ 'ਚ ਰੁਕਾਵਟ ਪਾ ਰਿਹਾ ਹੈ। ਇਸ ਲਈ ਬੱਚੇ ਨੇ ਬਾਅਦ 'ਚ ਮੁਆਫੀ ਮੰਗੀ ਅਤੇ ਉਨ੍ਹਾਂ ਨੇ ਬੱਚੇ ਤੋਂ ਮੁਆਫੀਨਾਮਾ ਵੀ ਲਿਆ ਪਰ ਬੱਚੇ ਨਾਲ ਕੁੱਟ-ਮਾਰ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦਾ ਮੋਬਾਇਲ ਫੋਨ ਖੋਹਿਆ ਸੀ।

KamalJeet Singh

This news is Content Editor KamalJeet Singh