ASI ਨੇ ‘ਸੈਟਿੰਗ ਕਰ ਕੇ’ ਛੱਡੇ ਆਟੋ ’ਚ ਸ਼ਰਾਬ ਪੀਣ ਵਾਲੇ

02/16/2019 2:06:41 AM

ਜਲੰਧਰ,(ਸੁਨੀਲ) : ਇਕ ਪਾਸੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਪੰਜਾਬ ਪੁਲਸ ਮੁਲਾਜ਼ਮਾਂ ਨੂੰ ਜ਼ਿਲੇ ਦੀ ਸੁਰੱਖਿਆ ਤੇ ਹੋਰ ਮਾਮਲਿਆਂ ਪ੍ਰਤੀ ਈਮਾਨਦਾਰੀ ਨਾਲ ਕੰਮ ਕਰਨ ਦੀਆਂ ਨਸੀਹਤਾਂ ਦਿੰਦੇ ਨਹੀਂ ਥੱਕਦੇ, ਉਥੇ ਪੰਜਾਬ ਪੁਲਸ 'ਚ ਕੁਝ ਅਜਿਹੀਆਂ ਕਾਲੀਆਂ ਭੇਡਾਂ ਹਨ, ਜਿਸ ਕਾਰਨ ਪੁਲਸ ਮਹਿਕਮੇ ਨੂੰ ਸੂਬੇ ਦੀ ਜਨਤਾ ਸਾਹਮਣੇ ਸ਼ਰਮਸਾਰ ਹੋਣਾ ਪੈਂਦਾ  ਹੈ। ਅਜਿਹੀਆਂ ਕਾਲੀਆਂ ਭੇਡਾਂ ਵੱਲੋਂ ਕੀਤੇ ਕੰਮਾਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਵੀ  ਭੁਗਤਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਥਾਣਾ ਨੰ. 8 ਦੇ ਅਧੀਨ ਆਉਂਦੇ  ਪਠਾਨਕੋਟ ਬਾਈਪਾਸ ਕੋਲ ਰੇਰੂ ਚੌਕ ਵਿਚ ਦੇਖਣ ਨੂੰ ਮਿਲਿਆ। 


ਜੂਲੋ ਗੱਡੀ 'ਚ ਗਸ਼ਤ ਕਰਨ  ਵਾਲੇ ਪੁਲਸ ਮੁਲਾਜ਼ਮ ਸ਼ਰੇਆਮ ਈਮਾਨਦਾਰੀ ਨੂੰ ਲੈ ਕੇ ਕਮਿਸ਼ਨਰ ਭੁੱਲਰ ਦੀਆਂ ਦਿੱਤੀਆਂ  ਗਈਆਂ ਨਸੀਹਤਾਂ ਦੀਆਂ ਧੱਜੀਆਂ ਉਡਾਉਂਦੇ ਦਿਸੇ। ਗਸ਼ਤ ਦੌਰਾਨ ਜੂਲੋ ਮੁਲਾਜ਼ਮਾਂ ਨੂੰ ਸੂਚਨਾ  ਮਿਲੀ ਕਿ ਰੇਰੂ ਚੌਕ ਵਿਚ ਦਿਨ-ਦਿਹਾੜੇ ਕੁਝ ਨੌਜਵਾਨ ਆਟੋ ਵਿਚ ਬੈਠ ਕੇ ਸ਼ਰਾਬ ਪੀ ਰਹੇ ਹਨ  ਅਤੇ ਉਥੇ ਬੱਚਿਆਂ ਤੇ ਲੇਡੀਜ਼ ਦਾ ਆਉਣਾ-ਜਾਣਾ ਬਹੁਤ ਹੈ, ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ  ਰਹੀ ਹੈ। ਇਸ ਦੌਰਾਨ ਮੌਕੇ 'ਤੇ ਪੁੱਜੇ ਏ. ਐੱਸ. ਆਈ. ਰਣਜੀਤ ਸਿੰਘ ਨੇ ਉਨ੍ਹਾਂ ਨੂੰ ਫੜਿਆ ਤੇ ਉਨ੍ਹਾਂ ਕੋਲੋਂ ਸ਼ਰਾਬ ਦੀਆਂ ਬੋਤਲ ਤੇ ਕੋਲਡ ਡਰਿੰਕ ਵੀ ਬਰਾਮਦ ਕੀਤੀ। 


ਹੈਰਾਨੀ ਵਾਲੀ ਗੱਲ ਇਹ ਸੀ ਕਿ ਗੱਡੀ 'ਚ ਬਿਠਾ ਕੇ ਲਿਜਾਣ ਮਗਰੋਂ ਉਹ ਪਠਾਣਕੋਟ ਬਾਈਪਾਸ ਕੋਲ ਨੌਜਵਾਨਾਂ ਨੂੰ ਉਤਾਰ ਕੇ ਘੱਟੋ-ਘੱਟ ਇਕ ਘੰਟਾ ਗੱਲਬਾਤ ਕਰਦੇ ਰਹੇ ਤੇ ਉਨ੍ਹਾਂ ਦੀ ਆਪਸ 'ਚ 'ਸੈਟਿੰਗ' ਹੋ ਗਈ ਤੇ ਫੜੇ ਨੌਜਵਾਨਾਂ ਨੂੰ ਛੱਡ ਦਿੱਤਾ। 
ਜਦੋਂ ਇਸ  ਬਾਰੇ ਏ. ਸੀ. ਪੀ. ਟਰੈਫਿਕ ਜੰਗ ਬਹਾਦਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਮਿਲ ਚੁੱਕੀ ਹੈ ਤੇ  ਇਸ ਦੀ ਇਨਕੁਆਰੀ ਪੀ.  ਸੀ. ਆਰ. ਇੰਚਾਰਜ ਨੂੰ ਸੌਂਪ ਦਿੱਤੀ ਹੈ, ਉਹ ਜਲਦੀ ਹੀ ਇਸ ਗੱਲ ਦੀ ਇਨਕੁਆਰੀ ਕਰ ਕੇ  ਰਿਪੋਰਟ ਮੈਨੂੰ ਸੌਂਪ ਦੇਣਗੇ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਠਾਨਕੋਟ ਬਾਈਪਾਸ ਕੋਲ ਵੀ ਪੈਸੇ ਲੈਣ ਦੇ ਦੋਸ਼ ਟਰੈਫਿਕ ਪੁਲਸ ਮੁਲਾਜ਼ਮਾਂ 'ਤੇ ਲੱਗ ਚੁੱਕੇ ਹਨ।