ਕਾਂਗਰਸ ਦਾ ਹੰਕਾਰ ਵਧ ਗਿਆ, ਦਿੱਲੀ ਤੋਂ ਕੋਈ ਵੀ ਵੱਡਾ ਆਗੂ ਵੋਟਾਂ ਮੰਗਣ ਨਹੀਂ ਆਇਆ : ਕੇਜਰੀਵਾਲ

05/08/2023 12:56:28 PM

ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ਉਪ ਚੋਣ ’ਚ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ’ਚ ਜਲੰਧਰ ਲੋਕ ਸਭਾ ਦੇ ਵੱਖ-ਵੱਖ ਇਲਾਕਿਆਂ ’ਚ ਰੋਡ ਸ਼ੋਅ ਕਰ ਕੇ ਧੂਆਂਧਾਰ ਪ੍ਰਚਾਰ ਕੀਤਾ। ਦੋਵਾਂ ਆਗੂਆਂ ਨੇ ਵਿਧਾਨ ਸਭਾ ਖੇਤਰ ਸ਼ਾਹਕੋਟ ਹਲਕੇ ਦੇ ਲੋਹੀਆਂ ਖ਼ਾਸ ਤੋਂ ਲੈ ਕੇ ਫਿਲੌਰ ਹਲਕੇ ਦੇ ਗੁਰਾਇਆ ਹੁੰਦੇ ਹੋਏ ਆਦਮਪੁਰ ਤੱਕ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਨਾਬਾਲਗ ਮੁੰਡੇ ਦੀ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਤੜਥੱਲੀ, ਵੇਖ ਹਰ ਕੋਈ ਹੈਰਾਨ

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ’ਚ ਪਿਛਲੇ ਇਕ ਸਾਲ ਦੌਰਾਨ ਪੰਜਾਬ ਨੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ 75 ਸਾਲਾਂ ’ਚ ਜੋ ਕੰਮ ਕੀਤੇ, ਉਸ ਤੋਂ ਵੱਧ ਕੰਮ ਮਾਨ ਸਰਕਾਰ ਨੇ ਸਿਰਫ਼ ਇਕ ਸਾਲ ’ਚ ਹੀ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸਿਰਫ਼ ਇਕ ਸਾਲ ਦੇ ਅੰਦਰ ਹੀ ਪੰਜਾਬ ਦੇ 29 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ’ਚ ਕੰਮ ਕਰਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ। ਪਿਛਲੀ ਸਰਕਾਰ ਰੁਜ਼ਗਾਰ ਦੇ ਮੁੱਦੇ ’ਤੇ ਨੌਜਵਾਨਾਂ ਨੂੰ ਸਿਰਫ਼ ਗੁੰਮਰਾਹ ਕਰਦੀ ਸੀ। ਕੇਜਰੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼-ਵਿਦੇਸ਼ ਦਾ ਦੌਰਾ ਕੀਤਾ ਅਤੇ ਕਈ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ’ਚ ਉਦਯੋਗ ਲਗਾਉਣ ਦੀ ਅਪੀਲ ਕੀਤੀ। ਹੁਣ ਪੰਜਾਬ ’ਚ ਇੰਡਸਟਰੀ ਲੱਗਣੀ ਸ਼ੁਰੂ ਹੋ ਗਈ ਹੈ। ਅੰਦਾਜ਼ੇ ਮੁਤਾਬਕ ਅਗਲੇ ਇਕ ਸਾਲ ’ਚ 2.5 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ। 

ਇਹ ਵੀ ਪੜ੍ਹੋ : ਟੀਚਰ ਐਲਿਜੀਬਿਲਿਟੀ ਟੈਸਟ ਦੇਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਆਧਾਰ 'ਤੇ ਹੋਵੇਗਾ ਭਰਤੀ ਦਾ ਫ਼ੈਸਲਾ

ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ’ਚ ਸੱਤਾ ’ਚ ਬੈਠੇ ਲੋਕ ਸਰਕਾਰੀ ਖ਼ਜ਼ਾਨਾ ਲੁੱਟ ਕੇ ਆਪਣੇ ਘਰ ਲਿਜਾਂਦੇ ਸਨ ਪਰ ਮਾਨ ਸਰਕਾਰ ਉਨ੍ਹਾਂ ਪੈਸਿਆਂ ਨਾਲ ਲੋਕਾਂ ਦੇ ਬਿਜਲੀ ਦੇ ਬਿੱਲ ਮੁਫ਼ਤ ਕਰ ਰਹੀ ਹੈ। ਆਮ ਲੋਕਾਂ ਦੇ ਬਿਹਤਰ ਇਲਾਜ ਲਈ ਮੁਹੱਲਾ ਕਲੀਨਿਕ ਸਥਾਪਿਤ ਕਰ ਰਹੀ ਹੈ ਅਤੇ ਬੱਚਿਆਂ ਦੀ ਬਿਹਤਰ ਸਿੱਖਿਆ ਲਈ ‘ਸਕੂਲ ਆਫ ਐਮੀਨੈਂਸ’ ਬਣਾ ਰਹੀ ਹੈ। ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਕੋਲ ਸਿਰਫ਼ ਇਕ ਸਾਲ ਦਾ ਸਮਾਂ ਮੰਗਣ ਆਏ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ। ਸਾਨੂੰ 11 ਮਹੀਨੇ ਦਾ ਸਮਾਂ ਦਿਓ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਾ ਆਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ’ਚ ਸਾਨੂੰ ਵੋਟ ਨਾ ਦੇਣਾ। 

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡਾ ਝਟਕਾ, ਸਕੂਲ ਮੁਖੀਆਂ ਨੂੰ ਸਖ਼ਤ ਹੁਕਮ ਜਾਰੀ

ਕੇਜਰੀਵਾਲ ਨੇ ਕਾਂਗਰਸ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਕਾਂਗਰਸੀ ਨੇਤਾਵਾਂ ਦਾ ਹੰਕਾਰ ਇੰਨਾ ਵਧ ਗਿਆ ਹੈ ਕਿ ਇਸ ਚੋਣ ’ਚ ਦਿੱਲੀ ਦਾ ਕੋਈ ਵੀ ਵੱਡਾ ਕਾਂਗਰਸੀ ਨੇਤਾ ਤੁਹਾਡੇ ਤੋਂ ਵੋਟਾਂ ਮੰਗਣ ਨਹੀਂ ਆਇਆ। ਜਦੋਂ ਕਿ ਆਮ ਆਦਮੀ ਪਾਰਟੀ ਦੇ ਦੋਵੇਂ ਵੱਡੇ ਆਗੂ ਅਤੇ ਦੋਵੇਂ ਮੁੱਖ ਮੰਤਰੀ ਤੁਹਾਡੇ ਤੋਂ ਵੋਟਾਂ ਮੰਗਣ ਆਏ ਹਨ। ਸਾਨੂੰ ਇਕ ਮੌਕਾ ਦਿਓ। ਅਸੀਂ ਤੁਹਾਡੀਆਂ ਉਮੀਦਾਂ ਨੂੰ ਪੂਰਾ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ ਪੁਲਸ ਅਧਿਕਾਰੀਆਂ 'ਤੇ ਨਜ਼ਰਸਾਨੀ ਰੱਖਣ ਲਈ ਮਹਿਕਮੇ ਦਾ ਵੱਡਾ ਫ਼ੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal