12 ਮਾਮਲਿਆਂ ’ਚ ਨਾਮਜ਼ਦ ਅਰਜੁਨਵਾਲ ਦੇ ਸੁੱਖਾ ਨੂੰ ਭੈਣ ਤੇ ਜੀਜੇ ਨੇ ਘਰ ਦਿੱਤੀ ਸੀ ਪਨਾਹ

01/18/2019 6:17:46 AM

ਜਲੰਧਰ,    (ਮਹੇਸ਼)-  12 ਵੱਖ-ਵੱਖ ਮਾਮਲਿਆਂ ’ਚ ਨਾਮਜ਼ਦ 35 ਸਾਲ ਦੇ ਵਿਆਹੁਤਾ ਮੁਲਜ਼ਮ  ਸੁਖਵਿੰਦਰ ਸਿੰਘ ਸੁੱਖਾ ਪੁੱਤਰ ਗੁਰਦੇਵ ਸਿੰਘ ਵਾਸੀ ਅਰਜੁਨਵਾਲ ਥਾਣਾ ਆਦਮਪੁਰ ਦਿਹਾਤ  ਪੁਲਸ ਜਲੰਧਰ ਨੂੰ ਜੰਡੂਸਿੰਘਾ ਪੁਲਸ ਚੌਕੀ ਨੇ 400 ਨਸ਼ੇ ਵਾਲੀਆਂ ਗੋਲੀਆਂ ਸਮੇਤ ਫੜਿਆ ਹੈ। 6  ਮਾਮਲਿਆਂ ’ਚ ਭਗੌੜਾ ਮੁਲਜ਼ਮ ਸੁੱਖਾ ਨੂੰ ਉਸ ਦੀ ਭੈਣ ਰਮਨਦੀਪ ਕੌਰ ਅਤੇ ਜੀਜਾ ਜੀਵਨ  ਕੁਮਾਰ ਕਾਲਾ ਕਪੂਰ ਪਿੰਡ ਰੋਡ ਘਾਗ ਪੱਤੀ ਜੰਡੂ ਸਿੰਘਾ ’ਚ ਸਥਿਤ ਆਪਣੇ ਘਰ ਵਿਚ ਪਨਾਹ  ਦਿੱਤੀ ਸੀ।
 ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਸੂਚਨਾ ਮਿਲੀ ਸੀ ਕਿ ਕਾਫੀ ਸਮੇਂ  ਤੋਂ ਸੁੱਖਾ ਆਪਣੀ ਭੈਣ ਦੇ ਘਰ ਰਹਿ ਰਿਹਾ ਹੈ, ਜਿਸ ਕਾਰਨ ਜੰਡੂ ਸਿੰਘਾ ਪੁਲਸ ਮੁਖੀ  ਬਲਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਉਥੇ ਛਾਪੇਮਾਰੀ ਕੀਤੀ ਤਾਂ ਸੁੱਖੇ ਦੀ ਭੈਣ  ਰਮਨਦੀਪ ਕੌਰ ਨੇ ਉਸ ਨੂੰ ਘਰ ਦੀ ਪਿਛਲੀ ਕੰਧ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਸ  ਮੁਲਾਜ਼ਮ ਉਸ ਨੂੰ ਫੜਨ ਵਿਚ ਕਾਮਯਾਬ ਹੋ ਗਏ । ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ  ਨੇ ਦੱਸਿਆ ਕਿ ਸੁੱਖਾ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਚੋਰੀ, ਸਨੈਚਿੰਗ, ਐਕਸੀਡੈਂਟ  ਆਦਿ ਦੇ ਇਕ ਦਰਜਨ ਤੋਂ ਜ਼ਿਆਦਾ ਕੇਸ ਦਰਜ ਹਨ। ਐੱਨ. ਡੀ. ਪੀ. ਐੱਸ. ਐਕਟ ਦੇ ਇਕ ਮਾਮਲੇ  ਵਿਚ ਉਸ ਨੇ ਜੇਲ ਵਿਚ ਰਹਿ ਕੇ ਆਪਣੀ ਸਜ਼ਾ ਪੂਰੀ ਕੀਤੀ ਹੈ। ਉਹ ਚਿੱਟਾ ਪੀਣ ਦਾ ਆਦੀ ਹੈ  ਅਤੇ ਚਿੱਟੇ ਦੀ ਸਪਲਾਈ ਵੀ ਕਰਦਾ ਸੀ। ਉਸ ਦੇ ਖਿਲਾਫ ਥਾਣਾ ਆਦਮਪੁਰ ਵਿਚ ਐੱਨ. ਡੀ. ਪੀ.  ਐੱਸ. ਐਕਟ ਦਾ ਇਕ ਹੋਰ ਕੇਸ ਦਾਇਰ ਕੀਤਾ ਗਿਆ ਹੈ, ਜਿਸ ਕਾਰਨ ਉਸ ਨੂੰ ਮਾਣਯੋਗ ਅਦਾਲਤ ਵਿਚ  ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ  ਜਾ ਸਕੇ।

ਭੈਣ ਤੇ ਜੀਜੇ ’ਤੇ ਵੀ ਕੇਸ ਦਰਜ
ਮੁਲਜ਼ਮ ਸੁੱਖਾ ਅਰਜੁਨਵਾਲ  ਨੂੰ ਘਰ ਵਿਚ ਪਨਾਹ ਦੇਣ ਵਾਲੀ ਭੈਣ ਰਮਨਦੀਪ ਕੌਰ ਅਤੇ ਜੀਜਾ ਜੀਵਨ ਕੁਮਾਰ ਕਾਲਾ ਪੁੱਤਰ  ਮਨੋਹਰ ਲਾਲ ਵਾਸੀ ਕਪੂਰ ਪਿੰਡ ਜੰਡੂ ਸਿੰਘਾ ਦੇ ਖਿਲਾਫ ਅਦਮਪੁਰ ਥਾਣੇ ਵਿਚ ਕੇਸ ਦਰਜ ਕੀਤਾ  ਗਿਆ ਹੈ। ਉਨ੍ਹਾਂ ’ਤੇ ਭਗੌੜੇ ਮੁਲਜ਼ਮ ਨੂੰ ਘਰ ਵਿਚ ਪਨਾਹ ਦੇਣ ਦੀ ਧਾਰਾ 212 ਤੇ ਪੁਲਸ  ਦੀ ਛਾਪੇਮਾਰੀ ’ਤੇ ਉਸ ਨੂੰ ਭਜਾਉਣ ਦੀ ਧਾਰਾ 216 ਲਾਈ ਗਈ ਹੈ। ਥਾਣਾ ਮੁਖੀ ਬਲਜਿੰਦਰ  ਸਿੰਘ ਦਾ ਕਹਿਣਾ ਹੈ ਕਿ ਭਗੌੜੇ ਮੁਲਜ਼ਮ ਬਾਰੇ ਪੁਲਸ ਨੂੰ ਨਾ ਦੱਸ ਕੇ ਉਲਟਾ ਉਸ  ਨੂੰ ਪਨਾਹ ਦੇਣਾ ਵੱਡਾ ਅਪਰਾਧ ਹੈ। 
ਭਰਾ ਵੀ ਚੋਰੀ ਦੇ ਮਾਮਲੇ ’ਚ ਹੈ ਭਗੌੜਾ
ਸੁਖਵਿੰਦਰ  ਸਿੰਘ ਸੁੱਖਾ ਦਾ ਇਕ ਛੋਟਾ ਭਰਾ ਇਕ ਚੋਰੀ ਦੇ ਮਾਮਲੇ ਵਿਚ ਅਦਾਲਤ ਵਲੋਂ ਭਗੌੜਾ ਕਰਾਰ  ਦਿੱਤਾ ਜਾ ਚੁੱਕਾ ਹੈ। ਉਸ ਦੇ ਖਿਲਾਫ ਥਾਣਾ ਆਦਮਪੁਰ ਵਿਚ ਚੋਰੀ ਦਾ ਕੇਸ ਦਰਜ ਹੋਇਆ ਸੀ,  ਜਿਸ ਤੋਂ ਬਾਅਦ ਉਹ ਕੋਰਟ ਵਿਚ ਪੇਸ਼ ਨਹੀਂ ਹੋਇਆ ਅਤੇ ਜੱਜ ਨੇ ਉਸ ਨੂੰ ਭਗੌੜਾ ਕਰਾਰ ਦੇ  ਦਿੱਤਾ। 


Related News