ਛੁੱਟੀ ਕੱਟਣ ਆ ਰਿਹੈ ਸੀ ਘਰ, ਜਵਾਨ ਦੀ ਟਰੇਨ ''ਚ ਭੇਤਭਰੇ ਹਾਲਾਤ ''ਚ ਮੌਤ

06/13/2019 2:04:01 PM

ਸ੍ਰੀ ਆਨੰਦਪੁਰ ਸਾਹਿਬ (ਦਲਜੀਤ ਸਿੰਘ)— ਛੁੱਟੀ ਕੱਟਣ ਘਰ ਆ ਰਹੇ ਕੇਂਦਰੀ ਸੁਰੱਖਿਆ ਬਲ ਦੇ ਇਕ ਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਪੁੱਤਰ ਅਰਵਿੰਦ ਕੁਮਾਰ ਵਾਸੀ ਪਿੰਡ ਬੱਢਲ ਤਹਿ. ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ ਬੀਤੀ ਸ਼ਾਮ ਛੁੱਟੀ ਲੈ ਕੇ ਆਪਣੇ ਘਰ ਆ ਰਿਹਾ ਸੀ, ਜਿਸ ਨੇ ਅੰਬਾਲਾ ਕੈਂਟ ਤੋਂ ਸ੍ਰੀ ਆਨੰਦਪੁਰ ਸਾਹਿਬ ਆਉਣ ਲਈ ਜਨ ਸ਼ਤਾਬਦੀ ਰੇਲ ਗੱਡੀ ਫੜੀ ਸੀ। ਮ੍ਰਿਤਕ ਜਵਾਨ ਦੇ ਪਰਿਵਾਰ ਦਾ ਕਹਿਣਾ ਕਿ ਸੁਖਚੈਨ ਸਿੰਘ ਨੇ ਘਰ ਵਾਲਿਆਂ ਨੂੰ ਆਪਣੇ ਆਉਣ ਸਬੰਧੀ ਜਾਣਕਾਰੀ ਦਿੱਤੀ ਸੀ, ਜਿਸ 'ਤੇ ਉਸ ਦੇ ਪਰਿਵਾਰ ਵਾਲੇ ਸ੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ 'ਤੇ ਸੁਖਚੈਨ ਸਿੰਘ ਨੂੰ ਲੈਣ ਪਹੁੰਚ ਗਏ ਪਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੇਲ ਗੱਡੀ 'ਚੋਂ ਸੁਖਚੈਨ ਸਿੰਘ ਨਹੀਂ ਉਤਰਿਆ। ਉਪਰੰਤ ਉਸ ਦੇ ਪਰਿਵਾਰਿਕ ਮੈਂਬਰ ਬੀਤੀ ਰਾਤ ਕਰੀਬ 11 ਵਜੇ ਸੁਖਚੈਨ ਸਿੰਘ ਨੂੰ ਦੇਖਣ ਨੰਗਲ ਰੇਲਵੇ ਸਟੇਸ਼ਨ ਚਲੇ ਗਏ। ਉਦੋਂ ਤੱਕ ਰੇਲ ਗੱਡੀ ਊਨਾ (ਹਿ ਪ੍ਰ:) ਤੋਂ ਵਾਪਸ ਆ ਕੇ ਨੰਗਲ ਰੇਲਵੇ ਸਟੇਸ਼ਨ ਵਿਖੇ ਸਫਾਈ ਲਈ ਖੜ੍ਹੀ ਸੀ। 

ਰੇਲਵੇ ਕਰਮਚਾਰੀਆਂ ਅਤੇ ਮ੍ਰਿਤਕ ਜਵਾਨ ਦੇ ਪਰਿਵਾਰ ਵੱਲੋਂ ਖੜ੍ਹੀ ਰੇਲ ਗੱਡੀ 'ਚ ਭਾਲ ਕਰਨ 'ਤੇ ਗੱਡੀ ਦੇ ਇਕ ਡੱਬੇ ਦੇ ਪਖਾਨੇ 'ਚੋਂ ਸੁਖਚੈਨ ਸਿੰਘ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਜਿਸ ਨੂੰ ਬੀ. ਬੀ. ਐੱਮ. ਬੀ. ਹਸਪਤਾਲ ਨੰਗਲ ਵਿਖੇ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਸੁਖਚੈਨ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਰਸਤੇ 'ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ 'ਤੇ ਬੇਹੋਸ਼ ਸੁਖਚੈਨ ਸਿੰਘ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਖਚੈਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ ਮ੍ਰਿਤਕ ਜਵਾਨ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਜੀ. ਆਰ. ਪੀ. ਨੰਗਲ ਏ. ਐੱਸ. ਆਈ. ਸੁਗਰੀਵ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਵਿਸਰਾ ਲੈਬਾਰਟਰੀ 'ਚ ਭੇਜਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਦੇਹ ਦਾ ਬੀਤੇ ਦਿਨ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨੇੜੇ ਸ਼ਮਸ਼ਾਨਘਾਟ 'ਚ ਸਸਕਾਰ ਕੀਤਾ ਗਿਆ। ਮ੍ਰਿਤਕ ਜਵਾਨ ਦੀ ਚਿਖਾ ਨੂੰ ਅਗਨੀ ਉਸ ਦੇ ਭਰਾ ਅਵਤਾਰ ਸਿੰਘ ਅਤੇ ਪਿਤਾ ਅਰਵਿੰਦ ਕੁਮਾਰ ਵੱਲੋਂ ਦਿੱਤੀ ਗਈ। ਜਿਥੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਟੁਕੜੀ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ। ਮ੍ਰਿਤਕ ਜਵਾਨ ਦੇ ਸਸਕਾਰ ਮੌਕੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ 'ਤੇ ਪਰਿਵਾਰ ਅਤੇ ਇਲਾਕਾ ਨਿਵਾਸੀਆਂ 'ਚ ਭਾਰੀ ਰੋਸ ਪਾਇਆ ਗਿਆ।


shivani attri

Content Editor

Related News