ਦਿਵਿਆਂਗਜਨ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ : ਅਪਨੀਤ ਰਿਆਤ

12/03/2020 10:30:10 PM

ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਦਿਵਿਆਂਗਜਨ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਦੀ ਇਸ ਕੋਸ਼ਿਸ਼ ਨਾਲ ਨਾ ਸਿਰਫ ਉਨ੍ਹਾਂ ਨੂੰ ਲਾਭ ਪਹੁੰਚਿਆ ਹੈ ਬਲਕਿ ਸਮਾਜਿਕ ਕਾਰਜ ਵਿੱਚ ਉਨ੍ਹਾਂ ਦਾ ਯੋਗਦਾਨ ਵੀ ਵਧਿਆ ਹੈ। ਉਹ ਅੱਜ ਅੰਤਰਰਾਸ਼ਟਰੀ ਦਿਵਆਂਗਜਨ ਦਿਵਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਮੇਨ ਐਂਟਰੀ ਨਾਲ ਦਿਵਿਆਂਗਜਨ ਲਈ ਬਣਾਏ ਗਏ ਰੈਂਪ ਦੇ ਉਦਘਾਟਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਰੈਂਪ ਦਾ ਉਦਘਾਟਨ ਇਕ ਦਿਵਿਆਂਗਜਨ ਬੱਚੇ ਦੇ ਹੱਥੋਂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਰੈਂਪ ਨੂੰ ਬਣਾਉਣ ਦਾ ਉਦੇਸ਼ ਹੈ ਕਿ ਦਿਵਿਆਂਗਜਨ ਸਰਕਾਰੀ ਦਫ਼ਤਰਾਂ 'ਚ ਆਸਾਨੀ ਨਾਲ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਇਸ ਦੀ ਸੁਵਿਧਾ ਲਈ ਜਿਥੇ ਵੀਲ੍ਹ ਚੇਅਰ ਵੀ ਰੱਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਣੇ ਸੇਵਾ ਕੇਂਦਰ ਵਿੱਚ ਦਿਵਿਆਂਗਜਨ ਵਿਅਕਤੀਆਂ ਦੀ ਸੁਵਿਧਾ ਲਈ ਵੱਖਰੇ ਤੌਰ 'ਤੇ ਕਾਊਂਟਰ ਨੰਬਰ 1 ਸਥਾਪਿਤ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਸੇਵਾ ਕੇਂਦਰ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਦਿਵਿਆਂਗਜਨ ਲਈ ਯੂ. ਡੀ. ਆਈ. ਡੀ. ਦੀ ਸੁਵਿਧਾ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਵਲੋਂ 7 ਦਸੰਬਰ ਤੋਂ 11 ਦਸੰਬਰ ਤੱਕ ਪੂਰਾ ਹਫਤਾ ਜ਼ਿਲ੍ਹੇ ਦੇ ਹਰ ਉਪ ਮੰਡਲ ਹਸਪਤਾਲ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ 'ਚ ਦਿਵਿਆਂਗਜਨ ਵਿਅਕਤੀ ਆਪਣਾ ਵਿਸ਼ੇਸ਼ ਪਹਿਚਾਣ ਪੱਤਰ ਅਪਲਾਈ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਲਈ ਲਾਭ ਫਾਇਦੇਮੰਦ ਸਾਬਤ ਹੋਵੇਗਾ। ਇਸ ਤੋਂ ਇਲਾਵਾ ਦਿਵਿਆਂਗਜਨ ਲਈ ਵਿਸ਼ੇਸ਼ ਮੁਹਿੰਮ ਹਰ ਵੀਰਵਾਰ ਦਿਵਿਆਂਗਜਨ ਦਾ ਸਤਿਕਾਰ ਤਹਿਤ 17 ਦਸੰਬਰ ਤੋਂ ਮਹੀਨੇ ਦੇ ਹਰ ਵੀਰਵਾਰ ਦਿਵਿਆਂਗਜਨ ਨੂੰ ਡਿਸੇਬਿਲੀਟੀ ਸਰਟੀਫਿਕੇਟ, ਯੂ. ਡੀ. ਆਈ. ਡੀ. ਕਾਰਡ, ਪੈਨਸ਼ਨ ਦੀ ਸੁਵਿਧਾ ਦੇ ਨਾਲ-ਨਾਲ ਵੋਟ ਬਣਾਉਣ ਲਈ ਵੀ ਕੈਂਪ ਲਗਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਕੈਂਪ ਮਹੀਨੇ ਦੇ ਪਹਿਲੇ ਵੀਰਵਾਰ ਸਰਕਾਰੀ ਹਸਪਤਾਲ ਗੜ੍ਹਸ਼ੰਕਰ, ਦੂਜੇ ਵੀਰਵਾਰ ਸਰਕਾਰੀ ਹਸਪਤਾਲ ਦਸੂਹਾ, ਤੀਜੇ ਵੀਰਵਾਰ ਸਰਕਾਰੀ ਹਸਪਤਾਲ ਮੁਕੇਰੀਆ ਅਤੇ ਚੌਥੇ ਵੀਰਵਾਰ ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚ ਲਗਾਏ ਜਾਣਗੇ, ਜਿਸ ਨਾਲ ਦਿਵਿਆਂਗਜਨ ਨੂੰ ਹਰ ਤਰ੍ਹਾਂ ਦੀ ਸੁਵਿਧਾ ਇਨ੍ਹਾਂ ਕੈਂਪਾਂ ਵਿੱਚ ਮਿਲ ਸਕੇਗੀ। ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਟਰੇਨਿੰਗ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਦਿਵਿਆਂਗਜਨ ਲਈ ਮੈਗਾ ਜਾਬ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਜ਼ਰੂਰਤਮੰਦ ਦਿਵਆਂਗਜਨ ਆਪਣੇ ਪੈਰ੍ਹਾਂ 'ਤੇ ਖੜ੍ਹਾ ਹੋ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਦਸੰਬਰ ਮਹੀਨੇ ਵਿੱਚ 100 ਦਿਵਆਂਗਜਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਦਿਵਿਆਂਗਜਨ ਨੂੰ ਸੁਵਿਧਾ ਦੇਣ ਲਈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਯਤਨ ਕੀਤੇ ਜਾਣਗੇ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਕਿਰਪਾਲਵੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਆਸ਼ਾਦੀਪ ਵੈਲਫੇਅਰ ਸੁਸਾਇਟੀ ਅਤੇ ਹੋਰ ਐਨ. ਜੀ. ਓਜ਼ ਦੇ ਮੈਂਬਰ ਵੀ ਹਾਜ਼ਰ ਸਨ।

Deepak Kumar

This news is Content Editor Deepak Kumar