ਆਂਗਨਵਾੜੀ ਵਰਕਰ ਯੂਨੀਅਨ ਨੇ ਮੰਗ ਪੱਤਰ ਦਿਵਸ ਮਨਾਇਆ

07/11/2022 6:27:33 PM

ਜਲੰਧਰ (ਸੋਨੂੰ) : ਜਲੰਧਰ ’ਚ ਅੱਜ ਆਂਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਅਤੇ ਮੈਂਬਰਾਂ ਵੱਲੋਂ ਮੰਗ ਪੱਤਰ ਦਿਵਸ ਮਨਾਇਆ ਗਿਆ। ਇਸ ਮੌਕੇ ਆਂਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਹਰ ਸਾਲ 10 ਜੁਲਾਈ ਨੂੰ ਉਨ੍ਹਾਂ ਵੱਲੋਂ ਇਹ ਮੰਗ ਪੱਤਰ ਦਿਵਸ ਮਨਾਇਆ ਜਾਂਦਾ ਹੈ ਪਰ ਕੱਲ੍ਹ ਐਤਵਾਰ ਹੋਣ ਕਰਕੇ ਉਨ੍ਹਾਂ ਵੱਲੋਂ ਇਹ ਦਿਵਸ ਅੱਜ ਮਨਾਇਆ ਜਾ ਰਿਹਾ ਹੈ। ਆਂਗਨਵਾੜੀ ਯੂਨੀਅਨ ਆਗੂ ਨਿਰਲੇਪ ਕੌਰ ਨੇ ਕਿਹਾ ਕਿ 2 ਅਕਤੂਬਰ 1975 ਨੂੰ ਆਂਗਨਵਾੜੀ ਦਾ ਕੰਮ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਸ ਵੇਲੇ ਇਸ ’ਚ ਕਿੰਨੀਆਂ ਪੜ੍ਹੀਆਂ-ਲਿਖੀਆਂ ਔਰਤਾਂ ਦੀ ਲੋੜ ਪੈਂਦੀ ਸੀ ਪਰ ਅੱਜ ਸਮੁੱਚਾ ਸਟਾਫ ਪੜ੍ਹਿਆ-ਲਿਖਿਆ ਰੱਖਿਆ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਹੌਲੀ-ਹੌਲੀ ਉਨ੍ਹਾਂ ਦੇ ਕੰਮਾਂ ਨੂੰ ਘਟਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਆਪਣੀ ਨੌਕਰੀ ਖ਼ਤਰੇ ’ਚ ਲੱਗ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਮੰਗ ਪੱਤਰ ਦਿਵਸ ’ਤੇ ਭਾਰਤ ਸਰਕਾਰ ਤੋਂ ਉਹ ਮੰਗ ਕਰਦੀਆਂ ਹਨ ਕਿ ਉਨ੍ਹਾਂ ਦੇ ਕੰਮ ਨੂੰ ਘਟਾਇਆ ਨਾ ਜਾਵੇ ਤਾਂ ਕਿ ਉਨ੍ਹਾਂ ਦੀ ਨੌਕਰੀ ਮੁਸ਼ਕਿਲ ’ਚ ਨਾ ਪਵੇ। ਇਸ ਦੌਰਾਨ ਆਂਗਨਵਾੜੀ ਵਰਕਰ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਸਰਕਾਰ ਚਾਹੇ ਕੋਈ ਬਣ ਜਾਵੇ ਪਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਤਨਖਾਹਾਂ ਦੁੱਗਣੀਆਂ ਕੀਤੀਆਂ ਜਾਣਗੀਆਂ ਪਰ ਹੁਣ ਇਸ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਵੱਲੋਂ ਜਲੰਧਰ ਡੀ. ਸੀ. ਘਨਸ਼ਾਮ ਥੋਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ।   

Manoj

This news is Content Editor Manoj