ਲੋਹੀਆਂ ਬਲਾਕ ਦੀਆ ਆਂਗਣਵਾੜੀ ਵਰਕਰਾਂ ਵੱਲੋਂ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

09/14/2021 3:48:02 PM

ਲੋਹੀਆਂ ਖ਼ਾਸ (ਬਿਊਰੋ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ ’ਤੇ ਪਿੰਡਾਂ ’ਚ ਸਰਕਾਰ ਦੇ ਪੁਤਲੇ ਫੂਕਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਲੜੀ ਤਹਿਤ ਅੱਜ ਪਿੰਡ ਮੱਲੀਵਾਲ ਵਿਖੇ ਯੂਨੀਅਨ ਦੀ ਆਗੂ ਮਨਜੀਤ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ’ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਈ.ਜੀ.ਐੱਸ ਵਲੰਟੀਅਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਗਿਆ ਹੈ ਜਦੋਂਕਿ ਆਂਗਣਵਾੜੀ ਵਰਕਰਾਂ ਨਰਸਰੀ ਟੀਚਰ ਦਾ ਦਰਜਾ ਲੈਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ’ਚ ਇਸ ਪ੍ਰਤੀ ਗੁੱਸੇ ਦੀ ਲਹਿਰ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਪਹਿਲਾਂ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਦਾਖ਼ਲ ਕਰ ਲਏ ਤੇ ਹੋਏ ਸਮਝੌਤੇ ਅਨੁਸਾਰ ਵਾਪਸ ਨਹੀਂ ਕੀਤੇ ਗਏ ਤੇ ਹੁਣ ਨਰਸਰੀ ਟੀਚਰ ਦਾ ਦਰਜਾ ਵੀ ਖੋਹਿਆ ਜਾ ਰਿਹਾ ਹੈ।ਜਿਸ ਦੇ ਚੱਲਦੇ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। 

 


Shyna

Content Editor

Related News