ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

06/11/2019 3:12:29 AM

ਸੁਲਤਾਨਪੁਰ ਲੋਧੀ, (ਜੋਸ਼ੀ)- ਬੀਤੀ ਸ਼ਾਮ ਇਥੋਂ ਪੰਜ ਕਿ. ਮੀ. ਦੂਰ ਪਿੰਡ ਸਰਾਏ ਜੱਟਾਂ ’ਚ 6-7 ਅਣਪਛਾਤੇ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ’ਚ ਸੇਵਾ ਕਰ ਰਹੇ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ ਤੇ ਸੇਵਾ ਮੁਕਤ ਡੀ. ਐੱਸ. ਪੀ. ਗੁਰਬਖਸ਼ ਸਿੰਘ ਨੇ ਬੀਤੀ ਦੁਪਹਿਰ ਦੋ ਨੌਜਵਾਨ ਇਸ ਪਿੰਡ ’ਚ ਇਕ ਲਡ਼ਕੀ ਦਾ ਪਿੱਛਾ ਕਰ ਰਹੇ ਸਨ ਤੇ ਗੁਰਦੁਆਰੇ ’ਚ ਸੇਵਾ ਕਰ ਰਹੇ ਅਮਰਜੀਤ ਸਿੰਘ ਪੁੱਤਰ ਭਜਨ ਸਿੰਘ ਨੇ ਉਨ੍ਹਾਂ ਨੂੰ ਰੋਕਿਆ ਤਾਂ ਬਾਅਦ ’ਚ ਦੋ ਮੋਟਰਸਾਈਕਲਾਂ ’ਤੇ ਸਵਾਰ 7 ਨੌਜਵਾਨ ਗੁਰਦੁਆਰਾ ਸਾਹਿਬ ਪਹੁੰਚੇ। ਉਸ ਸਮੇਂ ਮਿਸਤਰੀ ਖੁਦ ਵੀ ਰੋਟੀ ਖਾ ਰਹੇ ਸਨ ਤੇ ਉਨ੍ਹਾਂ ਆਉਂਦੇ ਹੀ ਇੱਟਾਂ ਨਾਲ ਹਮਲਾ ਕਰ ਦਿੱਤਾ ਤੇ ਤਿੰਨ ਨੌਜਵਾਨਾਂ ਨੇ ਸੇਵਾ ਕਰ ਰਹੇ ਅਮਰਜੀਤ ਸਿੰਘ ਨੂੰ ਘੇਰ ਲਿਆ ਤੇ ਉਸਦੇ ਸਿਰ, ਪਿੱਠ ਤੇ ਮੋਢੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਦੇ ਚੀਕਣ ਦੀਆਂ ਆਵਾਜ਼ਾਂ ਸੁਣ ਕੇ ਮਿਸਤਰੀ ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਜ਼ਖਮੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਦਾਖਲ ਕਰਵਾਇਆ, ਜਿਥੇ ਉਸਦੀ ਹਾਲਤ ਨਾਜ਼ੁਕ ਦੱਸੀ ਗਈ।

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਪੀਡ਼ਤ ਦਾ ਹਾਲਚਾਲ ਪੁੱਛਣ ਗਏ ਪਿੰਡ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ, ਸੇਵਾ ਮੁਕਤ ਡੀ. ਐੱਸ. ਪੀ. ਗੁਰਬਖਸ਼ ਸਿੰਘ, ਮਾਸਟਰ ਗੁਰਦੇਵ ਸਿੰਘ ਪ੍ਰਧਾਨ ਜੱਟ ਸਭਾ ਤੇ ਮੈਂਬਰ ਪੰਚਾਇਤ, ਮੈਂਬਰ ਪੰਚਾਇਤ ਸਵਰਨ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ ਆਦਿ ਨੇ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਨੂੰ ਜੋ ਗੁੰਡਾਗਰਦੀ ਕਰਦੇ ਸਮੇਂ ਧਾਰਮਿਕ ਅਸਥਾਨਾਂ ਦਾ ਵੀ ਧਿਆਨ ਨਹੀਂ ਰੱਖਦੇ, ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖ ਕੇ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਜਾਵੇ।

Bharat Thapa

This news is Content Editor Bharat Thapa