ਮੰਗਾਂ ਨੂੰ ਲੈ ਕੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਦਿੱਤਾ ਬੀ.ਡੀ.ਪੀ.ਓ. ਨੂੰ ਮੰਗ ਪੱਤਰ

06/04/2020 12:38:32 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ, ਮੋਮੀ, ਕੁਲਦੀਸ਼) - ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਅੱਜ ਸਮੁੱਚੇ ਭਾਰਤ ਦੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ | ਇਸ ਦੇ ਤਹਿਤ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਇਕਾਈ ਨੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇੱਕ ਮੰਗ ਪੱਤਰ ਅੱਜ ਬੀ.ਡੀ.ਪੀ.ਓ. ਟਾਂਡਾ ਸ਼ੁਕਲਾ ਦੇਵੀ ਨੂੰ ਭੇਟ ਕਰ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ | ਸ਼ਿਵ ਕੁਮਾਰ ਸ਼ਰਮਾ ਦੀ ਅਗਵਾਈ ਵਿਚ ਇਹ ਮੰਗ ਪੱਤਰ ਦਿੰਦਿਆਂ ਕਾਰਕੁੰਨਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਨੇ ਮਜ਼ਦੂਰਾਂ ਦਾ ਆਰਥਿਕ ਤੌਰ 'ਤੇ ਲੱਕ ਤੋੜ ਦਿੱਤਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਸਰਕਾਰੀ ਸਹਾਇਤਾ ਤੋਂ ਬਿਨਾਂ ਬਚਾਇਆ ਨਹੀਂ ਜਾ ਸਕਦਾ | 

ਸ਼ਿਵ ਕੁਮਾਰ ਨੇ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਹਰੇਕ ਮਜ਼ਦੂਰ ਦੇ ਖਾਤੇ ਵਿਚ 7200 ਰੁਪਏ  ਲਗਾਤਾਰ ਤਿੰਨ ਮਹੀਨੇ ਪਾਏ ਜਾਣ ਇਹ ਰਕਮ ਆਮਦਨ ਕਰ ਤੋਂ ਬਾਹਰ ਰਹਿੰਦੇ ਪਰਿਵਾਰਾਂ ਨੂੰ ਦਿੱਤੀ ਜਾਵੇ | ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਣ ਲਈ ਪੂਰੀ ਮਦਦ ਕੀਤੀ ਜਾਵੇ | ਇਸ ਦੌਰਾਨ ਭੁੱਖ ਨਾਲ ਅਤੇ ਹਾਦਸਿਆਂ ਵਿਚ ਮਰਨ ਵਾਲੇ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ 20 - 20 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਪੂਰੀ ਮਦਦ ਕੀਤੀ ਜਾਵੇ | ਮਨਰੇਗਾ ਕਾਮਿਆਂ ਲਈ ਸਾਲ ਵਿਚ ਦੋ ਸੌ ਦਿਨ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ | ਮਨਰੇਗਾ ਲਈ ਹੋਰ ਇੱਕ ਲੱਖ ਕਰੋੜ ਰੁਪਏ ਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ|  ਖੇਤ ਮਜ਼ਦੂਰ ਪਰਿਵਾਰਾਂ ਦੇ ਹਰ ਮੈਂਬਰ ਲਈ 10 ਕਿਲੋ ਕਣਕ, ਚਾਵਲ ਹਰ ਮਹੀਨੇ ਸਪਲਾਈ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਰਸੋਈ ਲਈ ਜਰੂਰੀ ਵਸਤਾਂ ਹਰ ਮਹੀਨੇ ਦਿੱਤੀਆਂ ਜਾਣ | ਪੇਂਡੂ ਖੇਤਰ ਵਿਚ ਗ਼ਰੀਬਾਂ ਦੀ ਪੂਰੀ ਤਰ੍ਹਾਂ ਸਿਹਤ ਸੰਭਾਲ ਕੀਤੀ ਜਾਵੇ | ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਨੂੰ ਵਾਪਸ ਲਿਆ ਜਾਵੇ |  ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਐੱਫਡੀਆਈ ਉੱਪਰ ਰੋਕ ਲਗਾਈ ਜਾਵੇ | ਖੇਤੀ ਦਾ ਮਾਡਲ ਫਾਰਮਿੰਗ ਐਕਟ 2108 ਵਾਪਸ ਲਿਆ ਜਾਵੇ ਅਤੇ ਸਾਰੀ ਵਾਧੂ ਪਈ ਸਰਕਾਰੀ ਜ਼ਮੀਨ ਪੇਂਡੂ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਵੰਡੀ ਜਾਵੇ। ਬਿਜਲੀ ਸੋਧ ਬਿੱਲ 2020  ਵੀ ਤੁਰੰਤ ਵਾਪਸ ਲਿਆ ਜਾਵੇ ਇਸ ਨਾਲ ਕਿਸਾਨ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਵੇਗਾ | ਇਸ ਮੌਕੇ ਸ਼ਿਵ ਕੁਮਾਰ ਦੇ ਨਾਲ-ਨਾਲ ਸੁਰਿੰਦਰ ਸਿੰਘ ਹਰਸੀ ਪਿੰਡ,  ਰਵਿੰਦਰ ਸਿੰਘ ਰਾਹੀਂ ਮੂਨਕਾ, ਦਲੀਪ ਸਿੰਘ ਹਰਸੀ ਪਿੰਡ, ਲਖਵਿੰਦਰ ਸਿੰਘ ਕਧਾਰੀ  ਚੱਕ ਆਦਿ ਮੌਜੂਦ ਸਨ | 


Harinder Kaur

Content Editor

Related News