ਇੰਜੀਨੀਅਰਿੰਗ ਦੇ ਘਟਦੇ ਕ੍ਰੇਜ਼ ਕਾਰਨ ਘੱਟ ਹੋਣਗੀਆਂ ਕਾਲਜਾਂ ''ਚ ਸੀਟਾਂ

04/25/2019 12:34:03 PM

ਜਲੰਧਰ (ਸੁਮਿਤ)— ਦੇਸ਼ ਭਰ 'ਚ ਇੰਜੀਨੀਅਰਿੰਗ ਦੇ ਘਟਦੇ ਕ੍ਰੇਜ਼ ਨੂੰ ਲੈ ਕੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਕਾਫੀ ਪ੍ਰੇਸ਼ਾਨ ਹੈ ਅਤੇ ਇਹੀ ਕਾਰਨ ਹੈ ਕਿ ਇਸ ਵਾਰ ਫਿਰ ਨਵੇਂ ਸੈਸ਼ਨ 'ਚ ਦੇਸ਼ ਭਰ 'ਚ ਇੰਜੀਨੀਅਰਿੰਗ ਦੀਆਂ ਸੀਟਾਂ ਨੂੰ ਘੱਟ ਕਰਨ ਦਾ ਮਨ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਏ. ਆਈ. ਸੀ. ਟੀ. ਈ. ਵੱਲੋਂ 50 ਹਜ਼ਾਰ ਇੰਜੀਨੀਅਰਿੰਗ ਦੀਆਂ ਸੀਟਾਂ ਨੂੰ ਘੱਟ ਕਰਨ ਦੀ ਤਿਆਰੀ ਕੀਤੀ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇੰਜੀਨੀਅਰਿੰਗ ਦੀਆਂ ਸੀਟਾਂ ਘਟਾਈਆਂ ਜਾ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁਝ ਸਾਲਾਂ 'ਚ ਇੰਜੀਨੀਅਰਿੰਗ ਦੀਆਂ ਭਾਰਤ 'ਚ ਸੀਟਾਂ ਦੀ ਗਿਣਤੀ 16.5 ਲੱਖ ਤੋਂ ਘੱਟ ਹੋ ਕੇ 14.5 ਲੱਖ ਤਕ ਪਹੁੰਚ ਗਈ ਅਤੇ ਹੁਣ ਇਨ੍ਹਾਂ 'ਚੋਂ ਵੀ 50 ਹਜ਼ਾਰ ਸੀਟਾਂ ਹੋਰ ਘੱਟ ਕਰਨ ਦੀ ਗੱਲ ਹੋ ਰਹੀ ਹੈ। ਜੇਕਰ ਦੇਖਿਆ ਜਾਵੇ ਤਾਂ ਲਗਭਗ ਅੱਧੇ ਕਾਲਜਾਂ ਦੀਆਂ ਸੀਟਾਂ 30 ਫੀਸਦੀ ਵੀ ਨਹੀਂ ਭਰ ਪਾਉਂਦੀਆਂ। ਇਸ ਦੇ ਪਿੱਛੇ ਕਾਰਨ ਜੋ ਵੀ ਹੋਣ ਪਰ ਕਾਲਜਾਂ 'ਚ ਦਾਖਲੇ ਨਹੀਂ ਹੋ ਪਾ ਰਹੇ ਹਨ। ਸੀਟਾਂ ਘੱਟ ਕਰਨ ਦੇ ਨਾਲ-ਨਾਲ ਏ. ਆਈ. ਸੀ. ਟੀ. ਈ. ਦੀ ਇਹ ਵੀ ਕੋਸ਼ਿਸ਼ ਹੈ ਕਿ ਨਵੇਂ ਇੰਜੀਨੀਅਰਿੰਗ ਕਾਲਜ ਵੀ ਫਿਲਹਾਲ ਨਾ ਖੋਲ੍ਹੇ ਜਾਣ। ਜੇਕਰ ਦੇਖਿਆ ਜਾਵੇ ਤਾਂ ਦੇਸ਼ ਭਰ 'ਚ ਲਗਭਗ 10 ਹਜ਼ਾਰ ਇੰਜੀਨੀਅਰ ਕਾਲਜ ਹਨ। ਇਨ੍ਹਾਂ ਸਾਰੇ ਕਾਲਜਾਂ 'ਚ ਸੀਟਾਂ ਘੱਟ ਕਰਨ ਦੀ ਜੋ ਏ. ਆਈ. ਸੀ. ਟੀ. ਈ. ਦੀ ਨੀਤੀ ਚਲ ਰਹੀ ਹੈ ਇਸ ਮੁਤਾਬਕ ਦੇਸ਼ 'ਚ 12 ਲੱਖ ਦੇ ਕਰੀਬ ਇੰਜੀਨੀਅਰਿੰਗ ਸੀਟਾਂ ਹੋਣੀਆਂ ਚਾਹੀਦੀਆਂ ਹਨ ਜੋ ਹੁਣ 14.5 ਲੱਖ ਹਨ।
ਇਸ ਵਾਰ ਵੀ ਖਾਲੀ ਰਹਿਣਗੀਆਂ ਕਾਲਜਾਂ 'ਚ ਸੀਟਾਂ
ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਇੰਜੀਨੀਅਰਿੰਗ ਕਾਲਜਾਂ 'ਚ ਸੀਟਾਂ ਖਾਲੀ ਰਹਿ ਜਾਣਗੀਆਂ। ਇਸ ਦਾ ਪੱਕਾ ਸਬੂਤ ਇਸ ਗੱਲ ਤੋਂ ਲੱਗਦਾ ਹੈ ਕਿ 10 ਹਜ਼ਾਰ ਇੰਜੀਨੀਅਰਿੰਗ ਕਾਲਜਾਂ 'ਚ 14.5 ਲੱਖ ਸੀਟਾਂ ਹਨ ਜਦਕਿ ਇੰਜੀਨੀਅਰਿੰਗ ਕੋਰਸਾਂ 'ਚ ਦਾਖਲੇ ਲਈ ਕਰੀਬ 9 ਲੱਖ ਵਿਦਿਆਰਥੀਆਂ ਨੇ ਹੀ ਅਪਲਾਈ ਕੀਤਾ ਹੈ। ਅਜਿਹੇ 'ਚ ਸੀਟਾਂ ਖਾਲੀ ਰਹਿਣਾ ਸੁਭਾਵਕ ਹੀ ਹੈ। ਜੇ. ਈ. ਈ. ਦੀ ਪ੍ਰੀਖਿਆ 'ਚ 9 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਜੋ 2018 'ਚ 11 ਲੱਖ ਸਨ। ਅਜਿਹੇ 'ਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇੰਜੀਨੀਅਰਿੰਗ ਦੇ ਪ੍ਰਤੀ ਵਿਦਿਆਰਥੀਆਂ ਦਾ ਰੁਝਾਨ ਘੱਟ ਹੋ ਰਿਹਾ ਹੈ। ਅਜਿਹੀ ਸਥਿਤੀ 'ਚ ਏ. ਆਈ. ਸੀ. ਟੀ. ਈ. ਨੂੰ ਆਪਣੇ ਪਾਠਕ੍ਰਮ ਅਤੇ ਕਾਲਜਾਂ ਦੀ ਐਜੂਕੇਸ਼ਨ ਕੁਆਲਿਟੀ ਵੱਲ ਹੋਰ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ।

shivani attri

This news is Content Editor shivani attri