2018 ''ਚ ਕਾਲਾ ਰਾਏਪੁਰ ਦਾ ਅਸਲਾ ਲਾਇਸੈਂਸ ਹੋ ਚੁੱਕੈ ਸਸਪੈਂਡ, ਫਿਰ ਵੀ ਰੱਖੇ ਨੇ 3 ਹਥਿਆਰ

01/09/2020 4:47:02 PM

ਜਲੰਧਰ (ਵਰੁਣ)— ਖੁਦ ਨੂੰ ਕਾਂਗਰਸੀ ਆਗੂ ਦਾ ਦਰਜਾ ਦੇ ਕੇ ਸ਼ਹਿਰ ਭਰ 'ਚ ਸ਼ਰਾਬ ਦੀ ਸਪਲਾਈ ਕਰਨ ਵਾਲੇ ਸਮੱਗਲਰ ਕਾਲਾ ਰਾਏਪੁਰ ਦੇ ਗੁਦਾਮ 'ਚੋਂ ਸ਼ਰਾਬ ਮਿਲਣ ਤੋਂ ਬਾਅਦ ਇਕ ਨਵਾਂ ਖੁਲਾਸਾ ਹੋਇਆ ਹੈ। ਕਾਲਾ ਰਾਏਪੁਰ ਦਾ ਥਾਣਾ ਮਕਸੂਦਾਂ ਦੀ ਪੁਲਸ ਨੇ 2018 'ਚ ਅਸਲਾ ਲਾਇਸੈਂਸ ਸਸਪੈਂਡ ਕੀਤਾ ਸੀ। ਲਾਇਸੈਂਸ ਸਸਪੈਂਡ ਹੋਣ ਦੇ ਬਾਵਜੂਦ ਕਾਲਾ ਰਾਏਪੁਰ ਨੇ ਖੁਦ ਆਪਣੇ ਕੋਲ ਤਿੰਨ ਨਾਜਾਇਜ਼ ਹਥਿਆਰ ਰੱਖੇ ਹੋਏ ਹਨ ਪਰ ਰੂਰਲ ਪੁਲਸ ਨੇ ਕੋਈ ਕਾਰਵਾਈ ਤੱਕ ਨਹੀਂ ਕੀਤੀ।

ਲੰਮੇ ਸਮੇਂ ਤੋਂ ਕਾਂਗਰਸੀ ਆਗੂ ਸ਼ਹਿਰ 'ਚ ਸ਼ਰਾਬ ਦਾ ਧੰਦਾ ਕਰ ਰਿਹਾ ਦਲਜੀਤ ਸਿੰਘ ਉਰਫ ਕਾਲਾ ਰਾਏਪੁਰ ਖਿਲਾਫ ਸ਼ਰਾਬ ਸਮੱਗਲਿੰਗ ਦੇ ਕੇਸ ਦਰਜ ਹੋਣ 'ਤੇ 29.7.2018 ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਉਸ ਦਾ ਲਾਇਸੈਂਸ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਸ ਤੋਂ ਬਾਅਦ ਕਾਲਾ ਰਾਏਪੁਰ ਦਾ ਲਾਇਸੈਂਸ ਰੱਦ ਹੋ ਗਿਆ ਅਤੇ ਬਾਅਦ 'ਚ ਉਸ ਨੇ ਤਿੰਨੋ ਹਥਿਆਰ ਥਾਣੇ 'ਚ ਜਮ੍ਹਾ ਹੀ ਨਹੀਂ ਕਰਵਾਏ। ਥਾਣਾ ਮਕਸੂਦਾਂ ਦੀ ਪੁਲਸ ਨੇ ਸਾਫ ਕਿਹਾ ਕਿ ਕਾਲੇ ਨੇ ਥਾਣੇ 'ਚ ਹਥਿਆਰ ਜਮ੍ਹਾ ਨਹੀਂ ਕਰਵਾਏ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਸ ਨੇ ਲਾਇਸੈਂਸ ਸਸਪੈਂਡ ਕਰਵਾ ਕੇ ਹਥਿਆਰਾਂ ਦੀ ਜਾਣਕਾਰੀ ਲੈਣੀ ਠੀਕ ਨਹੀਂ ਸਮਝੀ। ਪੁਲਸ ਦੀ ਛਾਪੇਮਾਰੀ ਦੌਰਾਨ ਜੇਕਰ ਕਾਲਾ ਗੋਦਾਮ 'ਚ ਹੁੰਦਾ ਤਾਂ ਉਹ ਪੁਲਸ 'ਤੇ ਵੀ ਗੋਲੀ ਚਲਾ ਸਕਦਾ ਸੀ। ਉਧਰ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਕਾਲਾ ਰਾਏਪੁਰ ਦਾ ਲਾਇਸੈਂਸ ਸਸਪੈਂਡ ਕੀਤਾ ਜਾ ਚੁੱਕਾ ਹੈ ਪਰ ਉਸ ਨੇ ਹਥਿਆਰ ਜਮ੍ਹਾ ਨਹੀਂ ਕਰਵਾਏ। ਸੀ. ਆਈ. ਏ. ਸਟਾਫ ਹੁਣ ਡੀ. ਸੀ. ਦਫਤਰ ਤੋਂ ਜਾਰੀ ਜਾਣਕਾਰੀ ਲੈਣ ਤੋਂ ਬਾਅਦ ਉਸ ਖਿਲਾਫ ਆਰਮਸ ਐਕਟ ਦੇ ਅਧੀਨ ਕਾਰਵਾਈ ਕਰਨ ਦੀ ਤਿਆਰੀ 'ਚ ਜੁਟਿਆ ਹੈ। ਇੰਚਾਰਜ ਹਰਮਿੰਦਰ ਸਿੰਘ ਨੇ ਕਿਹਾ ਕਿ ਸ਼ਰਾਬ ਮਿਲਣ ਦੇ ਕੇਸ 'ਚ ਨਾਮਜਦ ਕੀਤੇ ਗਏ ਕਾਲਾ ਰਾਏਪੁਰ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਇਸ ਕੇਸ 'ਚ ਵੀ ਗ੍ਰਿਫਤਾਰ ਕੀਤਾ ਜਾਵੇਗਾ।

ਕਾਲਾ ਦਾ ਸਾਥੀ ਕ੍ਰਿਸ਼ਨ ਇਕ ਦਿਨ ਦੇ ਰਿਮਾਂਡ 'ਤੇ
ਸੀ. ਆਈ. ਏ. ਸਟਾਫ ਨੇ ਕਾਲਾ ਰਾਏਪੁਰ ਦੇ ਗ੍ਰਿਫਤਾਰ ਕੀਤੇ ਗਏ ਸਾਥੀ ਕ੍ਰਿਸ਼ਨ ਕਾਂਤ ਵਾਸੀ ਉਪਕਾਰ ਨਗਰ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਹੈ। ਸੀ. ਆਈ. ਏ. ਸਟਾਫ-1 ਦੇ ਇੰਚਾਰਜ ਹਰਮਿੰਦਰ ਸਿੰਘ ਨੇ ਕਿਹਾ ਕਿ ਰਿਮਾਂਡ ਦੌਰਾਨ ਕ੍ਰਿਸ਼ਨ ਤੋਂ ਲੋਕਲ ਸਮੱਗਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਣੀ ਹੈ ਜਦਕਿ ਕਾਲਾ ਰਾਏਪੁਰ ਦੀ ਲੋਕੇਸ਼ਨ ਬਾਰੇ ਵੀ ਪੁੱਛਗਿੱਛ ਕਰਨੀ ਹੈ। ਉਨ੍ਹਾਂ ਕਿਹਾ ਕਿ ਕਾਲਾ ਰਾਏਪੁਰ ਅਤੇ ਕ੍ਰਿਸ਼ਨ ਸ਼ਹਿਰ ਭਰ 'ਚ ਆਪਣਾ ਨੈੱਟਵਰਕ ਵਿਛਾ ਚੁੱਕੇ ਹਨ। ਨੈੱਟਵਰਕ ਨਾਲ ਜੁੜੇ ਸਾਰੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਦੱਸ ਦਈਏ ਕਿ ਸੀ. ਆਈ. ਏ. ਸਟਾਫ ਨੇ ਇੰਡਸਟਰੀਅਲ ਅਸਟੇਟ ਸਥਿਤ ਇਕ ਗੋਦਾਮ 'ਚ ਛਾਪੇਮਾਰੀ ਕਰ ਕੇ 783 ਪੇਟੀਆਂ ਸ਼ਰਾਬ ਬਰਾਮਦ ਕੀਤੀ ਸੀ। ਸਾਰੀ ਸ਼ਰਾਬ ਚੰਡੀਗੜ੍ਹ ਤੋਂ ਲਿਆਈ ਗਈ ਸੀ। ਗੋਦਾਮ ਕਾਲਾ ਰਾਏਪੁਰ ਨੇ ਇਕ ਔਰਤ ਤੋਂ ਇਕ ਸਾਲ ਲਈ ਕਿਰਾਏ 'ਤੇ ਲਿਆ ਸੀ। ਮੌਕੇ ਤੋਂ ਪੁਲਸ ਨੇ ਕਾਲਾ ਦੇ ਸਾਥੀ ਕ੍ਰਿਸ਼ਣ ਕਾਂਤ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਕਾਲਾ ਮੌਕੇ 'ਤੇ ਨਹੀਂ ਸੀ। ਪੁਲਸ ਨੇ ਲੋਕਲ ਸਪਲਾਈ ਕਰਨ ਲਈ ਰੱਖੀ ਗੱਡੀ ਵੀ ਜ਼ਬਤ ਕੀਤੀ ਸੀ। ਕਾਲੇ ਦੇ ਗੋਦਾਮ ਤੋਂ ਪਹਿਲਾਂ ਵੀ ਸ਼ਰਾਬ ਦੀ ਖੇਪ ਬਰਾਮਦ ਹੋ ਚੁੱਕੀ ਹੈ।


shivani attri

Content Editor

Related News