ਬੱਸ ਅਤੇ ਕਾਰ ਦੀ ਟੱਕਰ, ਇਕ ਔਰਤ ਸਮੇਤ 4 ਜ਼ਖ਼ਮੀ

02/13/2020 1:33:21 PM

ਅਲਾਵਲਪੁਰ (ਬੰਗੜ, ਬੈਂਸ) - ਬੀਤੀ ਸ਼ਾਮ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਬਿਆਸ ਪਿੰਡ ਨੇੜੇ ਹੋਈ ਇਕ ਬੱਸ ਅਤੇ ਕਾਰ ਦੀ ਟੱਕਰ ’ਚ 4 ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜੰਮੂ ਵਲੋਂ ਆ ਰਹੀ ਇਕ ਬੱਸ ਦੀ ਟੱਕਰ ਇਕ ਕਾਰ ਨਾਲ ਉਸ ਸਮੇਂ ਹੋਈ, ਜਦੋਂ ਜਲੰਧਰ ਵਲੋਂ ਆ ਰਹੀ ਇਕ ਕਾਰ ਦਾ ਅਚਾਨਕ ਟਾਇਰ ਫਟ ਗਿਆ ਅਤੇ ਉਹ ਡਿਵਾਈਡਰ ਨੂੰ ਪਾਰ ਕਰਦੀ ਹੋਈ ਬੱਸ ਨਾਲ ਟਕਰਾਅ ਗਈ। ਕਾਰ ’ਚ ਸਵਾਰ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਬਟਾਲਾ ਗੁਰਦਾਸਪੁਰ, ਨਰਿੰਦਰ ਸਿੰਘ ਅਤੇ ਗੁਰਜੰਟ ਸਿੰਘ ਦੋਵੇਂ ਵਾਸੀ ਬੋਪਾਰਾਏ ਬਟਾਲਾ ਵਜੋਂ ਹੋਈ ਹੈ, ਜਿਨ੍ਹਾਂ ਨੂੰ ਜਲੰਧਰ ਦੇ ਕਿਸੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। 

ਦੂਜੇ ਪਾਸੇ ਜੰਮੂ ਤੋਂ ਆ ਰਹੀ ਬੱਸ ’ਚ ਸਵਾਰ 45 ਸ਼ਰਧਾਲੂਆਂ ’ਚੋਂ ਇਕ ਔਰਤ ਸ਼ਿਵਾਨੀ ਜ਼ਖ਼ਮੀ ਹੋਈ ਹੈ, ਜਿਸ ਨੂੰ ਕਾਲਾ ਬੱਕਰਾ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪਹੁੰਚੇ ਪੁਲਸ ਚੌਕੀ ਅਲਾਵਲਪੁਰ ਤੋਂ ਏ. ਐੱਸ. ਆਈ. ਰਾਮ ਕਿਸ਼ਨ ਅਤੇ ਸਾਥੀ ਕਰਮਚਾਰੀਆਂ ਵਲੋਂ ਵਾਹਨਾਂ ਨੂੰ ਸੜਕ ਤੋਂ ਹਟਾਇਆ ਗਿਆ ਅਤੇ ਆਵਾਜਾਈ ਨੂੰ ਚਾਲੂ ਕੀਤਾ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur