ਖੇਤੀ ਕਾਨੂੰਨਾਂ ਖ਼ਿਲਾਫ਼ ਰਿਲਾਇੰਸ ਸਟੋਰ ਨਵਾਂਸ਼ਹਿਰ ਅੱਗੇ ਲਾਇਆ ਕਿਸਾਨਾਂ ਦਾ ਧਰਨਾ 100ਵੇਂ ਦਿਨ ’ਚ ਦਾਖ਼ਲ

01/03/2021 4:47:00 PM

ਨਵਾਂਸ਼ਹਿਰ (ਮਨੋਰੰਜਨ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਦਾ ਨਵਾਂਸ਼ਹਿਰ ਵਿਖੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਿਹਾ ਦਿਨ ਰਾਤ ਦਾ ਧਰਨਾ 100ਵੇਂ ਦਿਨ ’ਚ ਦਾਖ਼ਲ ਹੋ ਚੁੱਕਾ ਹੈ। ਧਰਨਾਕਾਰੀਆਂ ਦਾ ਜਜ਼ਬਾ ਅਤੇ ਰੋਹ ਪੂਰੀ ਤਰ੍ਹਾਂ ਬਰਕਰਾਰ ਹੈ। ਅੱਤ ਦੀ ਠੰਡ ਵੀ ਧਰਨਾਕਾਰੀਆਂ ਦੇ ਹੌਸਲੇ ਠੰਡੇ ਨਹÄ ਪਾ ਸਕੀ। ਇਹ ਧਰਨਾ ਕਈ ਤਰ੍ਹਾਂ ਦੀਆਂ ਮਿਸਾਲਾਂ ਪੈਦਾ ਕਰ ਰਿਹਾ ਹੈ। ਇਸ ਧਰਨੇ ਤੋਂ ਪਹਿਲਾਂ ਅੰਬਾਨੀ ਦੇ ਇਸ ਸੁਪਰ ਸਮਾਰਟ ਸਟੋਰ ਦੀ ਰੋਜ਼ਾਨਾ ਵਿਕਰੀ 24 ਲੱਖ ਰੁਪਏ ਸੀ ਜੋ ਹੁਣ ਬੰਦ ਹੋ ਚੁੱਕੀ ਹੈ।

ਧਰਨਾਕਾਰੀ ਜਸਵੀਰ ਦੀਪ ਨੇ ਦੱਸਿਆ ਕਿ ਇਸ ਧਰਨੇ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਤੋਂ ਇਲਾਵਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਲੋਕ, ਲੇਖਕ, ਨੌਜਵਾਨ, ਵਿਦਿਆਰਥੀ, ਮੁਲਾਜ਼ਮ, ਸੇਵਾ ਮੁਕਤ, ਮੁਲਾਜ਼ਮ, ਡਾਕਟਰ, ਪ੍ਰਵਾਸੀ ਭਾਰਤੀ, ਮਜਦੂਰ ਜਥੇਬੰਦੀਆਂ, ਆਟੋ ਵਰਕਰ, ਭੱਠਾ ਮਜਦੂਰ, ਪ੍ਰਵਾਸੀ ਮਜਦੂਰ, ਰੇਹੜੀ ਵਰਕਰ, ਟਰੱਕ ਯੂਨੀਅਨ, ਟੈਕਸੀ ਯੂਨੀਅਨਾਂ, ਔਰਤਾਂ, ਬਜ਼ੁਰਗ, ਦਲਿਤ ਜਥੇਬੰਦੀਆਂ ਆਪਣਾ-ਆਪਣਾ ਹਿੱਸਾ ਪਾ ਰਹੀਆਂ ਹਨ। ਗੁਰਦੁਆਰਾ ਟਾਹਲੀ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ, ਗੁਰਦੁਆਰਾ ਸਾਹਿਬ ਬਰਨਾਲਾ ਕਲਾਂ ਅਤੇ ਹੋਰ ਧਾਰਮਿਕ ਸਥਾਨ ਲੰਗਰ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ।

ਇਹ ਧਰਨਾ ਸਥਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਅੰਦੋਲਨਕਾਰੀ ਕਿਸਾਨਾਂ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਚੁੱਕਾ ਹੈ, ਜਿਥੋਂ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਜੱਥੇ ਟਰੈਕਟਰ, ਟਰਾਲੀਆਂ ਅਤੇ ਹੋਰ ਗੱਡੀਆਂ ’ਤੇ ਝੰਡੇ-ਮਾਟੋ ਬੰਨਵਾ ਕੇ ਜਾਂਦੇ ਹਨ। ਬਰਾਤਾਂ ਲਈ ਕਿਰਤੀ ਕਿਸਾਨ ਯੂਨੀਅਨ ਦੇ ਝੰਡੇ ਲੈਕੇ ਜਾਣਾ ਨਿਵੇਕਲਾ ਵਰਤਾਰਾ ਹੈ। ਇਸ ਧਰਨੇ ’ਤੇ ਕਵੀ ਦਰਬਾਰ ਹੋ ਚੁੱਕਾ ਹੈ, ਇਸਤਰੀ ਜਾਗਰਿਤੀ ਮੰਚ ਦੀ ਅਗਵਾਈ ਵਿਚ ਇਥੋਂ ਸ਼ਹਿਰ ਵਿਚ ਔਰਤਾਂ ਦਾ ਮੁਜ਼ਾਹਰਾ ਵੀ ਕੱਢਿਆ ਗਿਆ।

ਡਾਕਟਰ ਸਾਹਿਬ ਸਿੰਘ ਵਲੋਂ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ, ਜਿਸ ਵਿਚ ਗੁਰਦੀਪ ਸਿੰਘ ਦੇ ਢਾਡੀ ਜਥੇ ਨੇ ਵਾਰਾਂ ਪੇਸ਼ ਕੀਤੀਆਂ। ਮੋਮਬੱਤੀ ਮਾਰਚ ਕਰਕੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਇਥੋਂ ਰੋਜ਼ਾਨਾ ਕਿਸਾਨਾਂ ਅਤੇ ਸਹਿਯੋਗੀ ਜਥੇਬੰਦੀਆਂ ਅਤੇ ਹੋਰ ਲੋਕ ਦਿੱਲੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਲਈ ਝੰਡੇ ਅਤੇ ਮਾਟੋਆਂ ਨਾਲ ਗੱਡੀਆਂ ਸਜਾਕੇ ਰਵਾਨਾ ਹੁੰਦੇ ਹਨ ਜਿਨ੍ਹਾਂ ਨੂੰ ਇਸ ਧਰਨੇ ਦੇ ਆਗੂ ਉਤਸ਼ਾਹਤ ਕਰਕੇ ਰਵਾਨਾ ਕਰਦੇ ਹਨ।


cherry

Content Editor

Related News