ਨਾਂਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਸਿਹਤ ਦਾ ਖਾਸ ਧਿਆਨ ਰੱਖ ਰਿਹੈ ਪ੍ਰਸ਼ਾਸਨ

05/05/2020 7:29:34 PM

ਬਲਾਚੌਰ, (ਕਟਾਰੀਆ, ਬੈਂਸ, ਬ੍ਰਹਮਪੁਰੀ)— ਬਲਾਚੌਰ ਸਬ ਡਵੀਜ਼ਨ ਪ੍ਰਸ਼ਾਸਨ ਵੱਲੋਂ ਨੰਦੇੜ ਤੋਂ ਆਏ ਵਿਅਕਤੀਆਂ ਦਾ ਰਿਆਤ ਕੈਂਪਸ ਰੈਲ ਮਾਜਰਾ ਵਿਖੇ ਬਣਾਏ ਇਕਾਂਤਵਾਸ 'ਚ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਇਸ ਥਾਂ 'ਤੇ 50 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਹੁਣ 37 ਵਿਅਕਤੀ ਰਹਿ ਰਹੇ ਹਨ। ਮੰਗਲਵਾਰ ਐੱਸ. ਡੀ. ਐੱਮ. ਜਸਬੀਰ ਸਿੰਘ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਖੁਦ ਗੱਲਬਾਤ ਕਰਕੇ ਉਨ੍ਹਾਂ ਦਾ ਮਨੋਬਲ ਵਧਾਇਆ ਗਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਬਾਰੇ ਵੀ ਪੁੱਛਿਆ, ਜਿਸ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਸਾਰਿਆਂ ਦਾ ਰੋਜ਼ਾਨਾ ਦੀ ਤਰ੍ਹਾਂ ਅੱਜ ਫ਼ਿਰ ਸਿਹਤ ਨਿਰੀਖਣ ਕੀਤਾ ਗਿਆ ਅਤੇ ਉਨ੍ਹਾਂ ਦਾ ਬੁਖਾਰ ਵੀ ਦੇਖਿਆ ਗਿਆ। ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਜ਼ਾਨਾ ਤਿੰਨੇ ਟਾਈਮ ਵਧੀਆ ਖਾਣਾ, ਚਾਹ ਅਤੇ ਫ਼ਰੂਟ ਮਿਲ ਰਹੇ ਹਨ। ਇਸੇ ਤਰ੍ਹਾਂ ਨਰਿੰਦਰ ਦੇ ਨਾਲ ਆਏ ਇਕ ਹੋਰ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਵ੍ਹੀਟ ਐਲਰਜੀ ਬਾਰੇ ਦੱਸੇ ਜਾਣ 'ਤੇ ਉਸ ਨੂੰ ਵਿਸ਼ੇਸ਼ ਖਾਣਾ ਮੁਹੱਈਆ ਹੋਣ ਲੱਗ ਪਿਆ ਹੈ। ਉਸ ਨੇ ਐੱਸ. ਡੀ. ਐੱਮ. ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਪ੍ਰਸ਼ਾਸਨ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਧਿਆਨ ਰੱਖ ਰਿਹਾ ਹੈ।
ਐੱਸ. ਐੱਮ. ਓ. ਕਾਠਗੜ੍ਹ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ 'ਚੋਂ ਜਿਨ੍ਹਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਦੇ 5 ਦਿਨਾਂ ਬਾਅਦ ਦੁਬਾਰਾ ਸੈਂਪਲ ਕਰਵਾਏ ਜਾ ਰਹੇ ਹਨ ਅਤੇ ਦੂਜੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡਾਂ ਦੇ ਬਾਹਰ ਬਣਾਏ ਇਕਾਂਤਵਾਸ 'ਚ ਭੇਜਣ ਬਾਰੇ ਸੋਚਿਆ ਜਾਵੇਗਾ। ਤਹਿਸੀਲਦਾਰ ਚੇਤਨ ਬੰਗੜ ਨੇ ਦੱਸਿਆ ਕਿ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਖੁਦ ਇਨ੍ਹਾਂ ਨਾਲ ਸੰਪਰਕ 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਰਿਆਤ ਕੈਂਪਸ ਦੇ ਮੈਨੇਜਮੈਂਟ ਵੱਲੋਂ ਡਾਇਰੈਕਟਰ (ਐਡਮਿਨ) ਸਤਬੀਰ ਸਿੰਘ ਬਾਜਵਾ ਨੂੰ ਪ੍ਰਸ਼ਾਸਨ ਨਾਲ ਤਾਲਮੇਲ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।

KamalJeet Singh

This news is Content Editor KamalJeet Singh