ਪ੍ਰਮੋਟ ਹੋ ਕੇ ADGP ਬਣੇ IPS ਅਧਿਕਾਰੀ

02/01/2020 12:48:47 PM

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਵੱਲੋਂ ਆਈ. ਜੀ. ਰੈਂਕ ਤੋਂ ਪ੍ਰਮੋਟ ਹੋ ਕੇ ਏ. ਡੀ. ਜੀ. ਪੀ. (ਅਡੀਸ਼ਨਲ ਡਾਇਰੈਕਟਰ ਜਨਰਲ ਪੁਲਸ) ਬਣਾਏ ਗਏ ਆਈ. ਪੀ. ਐੱਸ. ਅਧਿਕਾਰੀਆਂ ਨੇ ਬੀਤੇ ਦਿਨ ਸੂਬੇ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਡੀ. ਜੀ. ਪੀ. ਨੇ ਉਨ੍ਹਾਂ ਨੂੰ ਪ੍ਰਮੋਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਡੀ. ਜੀ. ਪੀ. ਨਾਲ ਮੁਲਾਕਾਤ ਕਰਨ ਵਾਲੇ ਆਈ. ਪੀ. ਐੱਸ. ਅਧਿਕਾਰੀਆਂ 'ਚ ਡਾ. ਨਰੇਸ਼ ਕੁਮਾਰ ਅਰੋੜਾ, ਪ੍ਰਵੀਨ ਕੁਮਾਰ ਸਿਨ੍ਹਾ, ਰਾਮ ਸਿੰਘ, ਸੁਧਾਂਸ਼ੂ ਐੱਸ. ਸ਼੍ਰੀਵਾਸਤਵ, ਬੀ. ਚੰਦਰਸ਼ੇਖਰ, ਅਮਰਦੀਪ ਸਿੰਘ ਰਾਏ, ਵੀ. ਨੀਰਜਾ, ਅਨੀਤਾ ਪੁੰਜ ਅਤੇ ਹੋਰ ਵੀ ਸ਼ਾਮਲ ਸਨ।

ਡੀ. ਜੀ. ਪੀ. ਦੇ ਨਾਲ ਇਸ ਮੌਕੇ ਏ. ਡੀ. ਜੀ. ਪੀ. ਪ੍ਰਸ਼ਾਸਨ ਗੌਰਵ ਯਾਦਵ ਵੀ ਮੌਜੂਦ ਸਨ। ਇਸ ਮੌਕੇ ਡੀ. ਜੀ. ਪੀ. ਗੁਪਤਾ ਦੀ ਮੌਜੂਦਗੀ ਵਿਚ 'ਪਿਪਿੰਗ ਸੈਰੇਮਨੀ' ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿਨਕਰ ਗੁਪਤਾ ਨੇ ਪ੍ਰਮੋਟ ਹੋਏ ਸਾਰੇ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਅਧਿਕਾਰੀਆਂ ਨੇ ਸੂਬਾ ਸਰਕਾਰ ਵਲੋਂ ਦਿੱਤੇ ਗਏ ਟੀਚਿਆਂ ਨੂੰ ਹਾਸਿਲ ਕਰਨ ਲਈ ਅੱਗੇ ਵਧਣਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਗ੍ਰਹਿ ਵਿਭਾਗ ਨੇ ਇਨ੍ਹਾਂ ਸਾਰੇ 1994 ਬੈਚ ਦੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਪ੍ਰਮੋਟ ਕਰਨ ਬਾਰੇ ਹਰੀ ਝੰਡੀ ਦਿੱਤੀ ਸੀ। ਉਚ ਪੁਲਸ ਤੰਤਰ 'ਚ ਫੇਰਬਦਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਪੁਲਸ ਮੁਖੀ ਦੀ ਰਾਹ 'ਚ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਵੀ ਦੁਰ ਕਰ ਦਿੱਤਾ ਸੀ। ਨਵੇਂ ਪ੍ਰਮੋਟ ਹੋਏ ਪੁਲਸ ਅਧਿਕਾਰੀਆਂ 'ਚ ਸ਼੍ਰੀਵਾਸਤਵ ਨੂੰ ਏ. ਡੀ. ਜੀ. ਪੀ. ਸੁਰੱਖਿਆ, ਪ੍ਰਵੀਨ ਸਿਨ੍ਹਾ ਨੂੰ ਏ. ਡੀ. ਜੀ. ਪੀ. ਜੇਲ ਜਿਹੇ ਅਹਿਮ ਚਾਰਜ ਸੌਂਪੇ ਗਏ ਹਨ। ਨਵੇਂ ਪੁਲਸ ਅਧਿਕਾਰੀਆਂ 'ਚੋਂ ਜ਼ਿਆਦਾਤਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ।

shivani attri

This news is Content Editor shivani attri