ਹਾਈਕੋਰਟ ਪਹੁੰਚਿਆ ਆਦਮਪੁਰ-ਚੌਹਾਲ ਫੋਰਲੇਨ ਪ੍ਰਾਜੈਕਟ, ਠੇਕੇਦਾਰ ਨੇ ਕਰਾਰ ਖਤਮ ਕਰਨ ਦਾ ਲਾਇਆ ਕੇਸ

11/26/2022 4:39:44 PM

ਜਲੰਧਰ (ਸੁਰਿੰਦਰ)- ਜਲੰਧਰ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਅਤੇ ਹਿਮਾਚਲ ਦੇ ਹੋਰ ਧਾਰਮਿਕ ਸਥਾਨਾਂ ’ਤੇ ਜਾਣ ਵਾਲੀਆਂ ਸੰਗਤਾਂ ਅਤੇ ਲੋਕਾਂ ਨੂੰ ਆਦਮਪੁਰ ਵਿਖੇ ਫਲਾਈਓਵਰ ਦਾ ਨਿਰਮਾਣ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਆਦਮਪੁਰ ਤੋਂ ਚੌਹਾਲ ਤੱਕ ਤਿਆਰ ਹੋਣ ਵਾਲੀ ਫੋਰਲੇਨ ਦਾ ਕੰਮ ਪਹਿਲਾਂ ਹੀ ਜ਼ਮੀਨ ਨਾ ਮਿਲਣ ਕਾਰਨ ਲਟਕਿਆ ਹੋਇਆ ਹੈ। ਹੁਣ ਇਸ ਪ੍ਰਾਜੈਕਟ ਦਾ ਸਮਝੌਤਾ ਖ਼ਤਮ ਕਰਨ ਲਈ ਉਸਾਰੀ ਕੰਪਨੀ ਦੇ ਠੇਕੇਦਾਰ ਨੇ ਹਾਈਕੋਰਟ ’ਚ ਕੇਸ ਦਾਇਰ ਕਰਕੇ ਲੋਕ ਨਿਰਮਾਣ ਵਿਭਾਗ ਅਤੇ ਸੜਕੀ ਆਵਾਜਾਈ ਮੰਤਰਾਲੇ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਵੱਲੋਂ ਪ੍ਰਾਜੈਕਟ ਨੂੰ ਟਰਮੀਨੇਟ ਕਰਨ ਸਬੰਧੀ ਪਟੀਸ਼ਨ ਦਾਇਰ ਕਰਨ ਦੇ ਮਾਮਲੇ ’ਚ ਠੇਕੇਦਾਰ ਦਾ ਕਹਿਣਾ ਹੈ ਕਿ ਜ਼ਮੀਨ ਨਾ ਮਿਲਣ ਕਾਰਨ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਦੇਰੀ ਹੋ ਰਹੀ ਹੈ ਅਤੇ ਦੂਜੇ ਪਾਸੇ ਮਟੀਰੀਅਲ ਮਹਿੰਗਾ ਹੋ ਗਿਆ ਹੈ। ਇਸ ਲਈ ਕੰਪਨੀ ਨੇ ਸਮਝੌਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

56 ਫ਼ੀਸਦੀ ਜ਼ਮੀਨ ਹੀ ਐਕੁਆਇਰ ਕਰ ਸਕਿਆ ਪ੍ਰਸ਼ਾਸਨ
ਆਦਮਪੁਰ ’ਚ ਫਲਾਈਓਵਰ ਲਈ ਅੱਧੇ ਅਧੂਰੇ ਪਿੱਲਰ ਤਾਂ ਖੜ੍ਹੇ ਕਰ ਦਿੱਤੇ ਗਏ ਹਨ ਪਰ ਨਾ ਤਾਂ ਸਰਵਿਸ ਲੇਨ ਬਣ ਰਹੀ ਹੈ ਤੇ ਨਾ ਹੀ ਟੋਏ ਭਰੇ ਜਾ ਰਹੇ ਹਨ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਅੱਗੇ ਫੋਰਲੇਨ ਲਈ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਰਹੀ ਹੈ। ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਤੇ ਇਹ ਅੰਦਰਲੀ ਗੱਲ ਬਾਹਰ ਨਹੀਂ ਆ ਰਹੀ ਸੀ, ਜਦੋਂ ਠੇਕੇਦਾਰ ਨੇ ਸਮਝੌਤਾ ਖਤਮ ਕਰ ਕੇ ਤਿੱਖਾ ਰਵੱਈਆ ਦਿਖਾਇਆ ਤਾਂ ਪਤਾ ਲੱਗਾ ਕਿ 6 ਸਾਲਾਂ ’ਚ ਪ੍ਰਸ਼ਾਸਨ ਸਿਰਫ਼ 56 ਫ਼ੀਸਦੀ ਜ਼ਮੀਨ ਹੀ ਐਕੁਆਇਰ ਕਰ ਸਕਿਆ ਹੈ। 44 ਫ਼ੀਸਦੀ ਜ਼ਮੀਨ ਐਕੁਆਇਰ ਨਾ ਹੋਣ ਕਾਰਨ ਕੰਮ ਲਟਕਦਾ ਜਾ ਰਿਹਾ ਹੈ, ਜਦੋਂ ਕਿ ਮਾਰਚ 2022 ’ਚ ਆਦਮਪੁਰ ’ਚ ਦੁਕਾਨਾਂ ਦੇ ਕਬਜ਼ੇ ਕਰਵਾ ਕੇ ਉਨ੍ਹਾਂ ਨੂੰ ਢਾਹ ਕੇ ਰਸਤਾ ਬਣਾਇਆ ਗਿਆ ਸੀ। ਹੁਣ ਹਾਲਾਤ ਇਹ ਹਨ ਕਿ ਕਈ ਥਾਵਾਂ ’ਤੇ 50 ਕਿਲੋਮੀਟਰ ਤੱਕ ਸੜਕਾਂ ਦੀ ਹਾਲਤ ਖਰਾਬ ਹੈ। ਪੈਚਵਰਕ ਵੀ ਨਹੀਂ ਕੀਤਾ ਜਾ ਰਿਹਾ। ਇਸ ਪ੍ਰਾਜੈਕਟ ਦਾ ਮੁੱਦਾ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੇ ਪ੍ਰਧਾਨ ਮੰਤਰੀ ਤੱਕ ਵੀ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਦੋ ਭਰਾਵਾਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਘਰ 'ਚ ਰੱਖਿਆ ਧੀ ਦਾ ਵਿਆਹ

ਜ਼ਮੀਨ ਮਿਲ ਜਾਂਦੀ ਤਾਂ ਸਮੇਂ ਸਿਰ ਪੂਰਾ ਹੋ ਜਾਂਦਾ ਪ੍ਰਾਜੈਕਟ
ਕੰਪਨੀ ਦੇ ਐੱਮ. ਡੀ. ਸੁਨੀਲ ਗਰੋਵਰ ਨੇ ਦੱਸਿਆ ਕਿ ਆਦਮਪੁਰ ਤੋਂ ਚੌਹਾਲ ਤੱਕ 356 ਕਰੋੜ ਦਾ ਪ੍ਰਾਜੈਕਟ 2016 ’ਚ ਸ਼ੁਰੂ ਹੋਇਆ ਸੀ ਅਤੇ 2018 ’ਚ ਪੂਰਾ ਹੋਣਾ ਸੀ। ਕੇਂਦਰ ਸਰਕਾਰ ਨੇ ਜ਼ਮੀਨ ਐਕੁਆਇਰ ਕਰਨ ਲਈ 550 ਕਰੋੜ ਰੁਪਏ ਵੀ ਦਿੱਤੇ ਹਨ। ਇਸ ਦੇ ਬਾਵਜੂਦ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ, ਜੇਕਰ ਸਮੇਂ ਸਿਰ ਜ਼ਮੀਨ ਮਿਲ ਜਾਂਦੀ ਤਾਂ ਇਹ ਪ੍ਰਾਜੈਕਟ ਕਾਫੀ ਸਮਾਂ ਪਹਿਲਾਂ ਮੁਕੰਮਲ ਹੋ ਜਾਣਾ ਸੀ। ਇਸ ਪ੍ਰਾਜੈਕਟ ਸਬੰਧੀ ਕੰਪਨੀ ਤੋਂ 40 ਕਰੋੜ ਰੁਪਏ ਦੀ ਬੈਂਕ ਗਾਰੰਟੀ ਲਈ ਗਈ ਹੈ। ਹੁਣ ਰੇਟ ਵਧ ਗਏ ਹਨ। ਇਸ ਹਿਸਾਬ ਨਾਲ ਉਨ੍ਹਾਂ ਨੂੰ ਰੇਟ ਨਹੀਂ ਦਿੱਤੇ ਜਾ ਰਹੇ ਹਨ। ਇਸ ਲਈ ਕੰਪਨੀ ਨੇ ਹੱਥ ਖੜ੍ਹੇ ਕਰ ਦਿੱਤੇ ਹਨ।

2.5 ਕਰੋੜ ’ਚ ਹੋਣ ਸੀ ਪੈਚਵਰਕ ਅਤੇ ਬਣਨੀ ਸੀ ਸਰਵਿਸ ਲੇਨ
ਲੋਕ ਨਿਰਮਾਣ ਮਹਿਕਮੇ ਦੇ ਐੱਸ. ਡੀ. ਓ. ਭੀਸ਼ਮ ਪਾਇਲ ਨੇ ਕਿਹਾ ਕਿ ਜਦੋਂ ਕੰਮ ਰੁਕਿਆ ਤਾਂ ਵਿਭਾਗ ਵੱਲੋਂ ਪੈਚਵਰਕ ਕਰਨ ਤੇ ਸਰਵਿਸ ਲੇਨ ਤਿਆਰ ਕਰਨ ਲਈ 2.5 ਕਰੋੜ ਰੁਪਏ ਦਾ ਐਸਟੀਮੇਟ ਲਾਇਆ ਗਿਆ ਸੀ ਪਰ ਕੇਂਦਰ ਦਾ ਕਹਿਣਾ ਹੈ ਕਿ ਸੂਬੇ ਕਾਰਨ ਕੰਮ ਲਟਕ ਗਿਆ ਹੈ। ਇਸ ਲਈ ਨੁਕਸਾਨ ਆਪ ਹੀ ਦੇਖੋ। ਇਸ ਤੋਂ ਬਾਅਦ ਮੀਂਹ ਆ ਗਿਆ ਤੇ ਸੜਕ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ। ਹੁਣ ਐਸਟੀਮੇਟ ਵੀ ਜ਼ਿਆਦਾ ਬਣੇਗਾ।

ਇਹ ਵੀ ਪੜ੍ਹੋ : ਟਾਂਡਾ ਵਿਖੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha