ਆਦਮਪੁਰ ਤੋਂ ਦਿੱਲੀ ਫਲਾਈਟ ਰੱਦ ਹੋਣ ਕਾਰਨ ਯਾਤਰੀ ਹੋਏ ਪ੍ਰੇਸ਼ਾਨ

01/22/2020 3:39:53 PM

ਜਲੰਧਰ (ਜ. ਬ.)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਆਦਮਪੁਰ ਤੋਂ ਦਿੱਲੀ ਲਈ ਫਲਾਈਟ ਤਕਨੀਕੀ ਖਰਾਬੀ ਕਾਰਣ ਰੱਦ ਕੀਤੀ ਗਈ। ਮੰਗਲਵਾਰ ਨੂੰ ਦਿੱਲੀ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਆਪਣੇ ਤੈਅ ਸਮੇਂ ਅਨੁਸਾਰ ਸਵੇਰੇ 10.05 ਵਜੇ ਚੱਲੀ ਅਤੇ ਸਵੇਰੇ 11.37 ਵਜੇ ਆਦਮਪੁਰ ਏਅਰਪੋਰਟ ਪਹੁੰਚੀ ਪਰ ਆਪਣੇ ਸ਼ਡਿਊਲ ਸਮੇਂ 'ਤੇ ਵਾਪਸ ਦਿੱਲੀ ਲਈ ਉਡਾਣ ਨਹੀਂ ਭਰ ਸਕੀ, ਜਿਸ ਕਾਰਨ ਇਸ ਫਲਾਈਟ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ 'ਚ ਕਾਫੀ ਗੁੱਸਾ ਵੇਖਣ ਨੂੰ ਮਿਲਿਆ। ਕੁਝ ਯਾਤਰੀਆਂ ਨੇ ਤਾਂ ਬੋਰਡਿੰਗ ਕਾਊਂਟਰ 'ਤੇ ਖੜ੍ਹੇ ਹੋ ਕੇ ਖੂਬ ਹੰਗਾਮਾ ਕੀਤਾ ਅਤੇ ਉਥੇ ਮੌਜੂਦ ਸਟਾਫ ਨੂੰ ਨਵਾਂ ਜਹਾਜ਼ ਮੰਗਵਾ ਕੇ ਉਨ੍ਹਾਂ ਨੂੰ ਦਿੱਲੀ ਭੇਜਣ ਦਾ ਪ੍ਰਬੰਧ ਕਰਨ ਲਈ ਵੀ ਕਿਹਾ। ਉਥੇ ਕੁਝ ਯਾਤਰੀਆਂ ਨੇ ਮੌਕੇ 'ਤੇ ਆਪਣੇ ਪੈਸੇ ਰੀਫੰਡ ਕਰਨ ਦੀ ਮੰਗ ਵੀ ਰੱਖੀ, ਜਿਸ ਨੂੰ ਸਟਾਫ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਨਿਯਮ ਅਨੁਸਾਰ ਉਨ੍ਹਾਂ ਦੇ ਪੈਸੇ ਸਬੰਧਤ ਏਜੰਟ ਵਲੋਂ ਹੀ ਵਾਪਸ ਕੀਤੇ ਜਾ ਸਕਦੇ ਹਨ।

ਸ਼ਾਮ 4 ਵਜੇ ਸਪਾਈਸ ਜੈੱਟ ਫਲਾਈਟ ਖਾਲੀ ਹੀ ਵਾਪਸ ਗਈ
ਸੂਤਰਾਂ ਅਨੁਸਾਰ ਸਪਾਈਸ ਜੈੱਟ ਫਲਾਈਟ ਸ਼ਾਮ 4 ਵਜੇ ਦਿੱਲੀ ਲਈ ਖਾਲੀ ਹੀ ਵਾਪਸ ਗਈ।

ਕੀ ਹੈ ਮਾਮਲਾ, ਕਿਉਂ ਹੋਈ ਫਲਾਈਟ ਕੈਂਸਲ
ਦਿੱਲੀ ਤੋਂ ਆਉਣ ਵਾਲੀ ਸਪਾਈਸ ਜੈੱਟ ਫਲਾਈਟ ਜਿਵੇਂ ਹੀ ਆਦਮਪੁਰ ਏਅਰਪੋਰਟ 'ਤੇ ਪਹੁੰਚੀ। ਏਅਰਪੋਰਟ ਦੇ ਗਰਾਊਂਡ ਸਟਾਫ ਵੱਲੋਂ ਦਿੱਲੀ ਵਾਪਸ ਜਾਣ ਵਾਲੀ ਫਲਾਈਟ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਏਅਰਲਾਈਨ ਸਟਾਫ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਬੋਰਡਿੰਗ ਪਾਸ ਪਹਿਲਾਂ ਹੀ ਇਸ਼ੂ ਕਰ ਦਿੱਤੇ ਸਨ ਅਤੇ ਸਾਰਿਆਂ ਦੀ ਸਕਿਓਰਿਟੀ ਚੈਕਿੰਗ ਵੀ ਸ਼ੁਰੂ ਹੋ ਚੁੱਕੀ ਸੀ। ਯਾਤਰੀ ਬੋਰਡਿੰਗ ਪਾਸ ਆਦਿ ਲੈ ਕੇ ਦਿੱਲੀ ਵਾਲੀ ਫਲਾਈਟ 'ਚ ਜਾਣ ਦੀ ਉਡੀਕ ਕਰ ਰਹੇ ਸਨ ਕਿ ਅਚਾਨਕ ਏਅਰਲਾਈਨ ਸਟਾਫ ਨੇ ਐਲਾਨ ਕੀਤਾ ਕਿ ਕਿਸੇ ਤਕਨੀਕੀ ਖਰਾਬੀ ਕਾਰਨ ਫਲਾਈਟ ਨੂੰ ਰੱਦ ਕਰਨਾ ਪੈ ਰਿਹਾ ਹੈ।

ਆਦਮਪੁਰ ਤੋਂ ਹੋਰ ਫਲਾਈਟ ਨਾ ਹੋਣ ਕਾਰਣ ਯਾਤਰੀਆਂ ਨੂੰ ਭੁਗਤਣਾ ਪਿਆ ਖਮਿਆਜ਼ਾ
ਆਦਮਪੁਰ ਏਅਰਪੋਰਟ ਤੋਂ ਫਿਲਹਾਲ ਇਕ ਹੀ ਫਲਾਈਟ ਸ਼ੁਰੂ ਕੀਤੀ ਗਈ ਹੈ, ਜਿਸ ਦਾ ਖਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪਿਆ। ਆਮ ਤੌਰ 'ਤੇ ਜੇਕਰ ਕਿਸੇ ਏਅਰਲਾਈਨ ਦੀ ਫਲਾਈਟ ਰੱਦ ਹੁੰਦੀ ਹੈ ਤਾਂ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੀਂ ਵਿਵਸਥਾ ਕੀਤੀ ਜਾਂਦੀ ਹੈ ਪਰ ਸਪਾਈਸ ਜੈੱਟ ਕੋਲ ਦੂਜੇ ਜਹਾਜ਼ ਦਾ ਪ੍ਰਬੰਧ ਨਾ ਹੋਣ ਕਾਰਨ ਯਾਤਰੀਆਂ ਨੂੰ ਨਿਰਾਸ਼ ਹੋਣਾ ਪਿਆ। ਕੁਝ ਯਾਤਰੀਆਂ ਨੇ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟ ਫੜਨੀ ਸੀ ਪਰ ਫਲਾਈਟ ਰੱਦ ਹੋਣ ਕਾਰਨ ਉਹ ਅੱਗੇ ਦਾ ਸਫਰ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ।


shivani attri

Content Editor

Related News