ਐਕਟਿਵਾ ਭਾਖੜਾ ਨਹਿਰ ''ਚ ਡਿੱਗਣ ਨਾਲ ਇਕ ਨੌਜਵਾਨ ਰੁੜ੍ਹਿਆ

07/28/2019 9:38:02 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਅੱਜ ਸਵੇਰੇ ਕਰੀਬ 10 ਵਜੇ ਪਿੰਡ ਗਰਦਲੇ ਨਜ਼ਦੀਕ ਭਾਖੜਾ ਨਹਿਰ 'ਚ ਇਕ ਐਕਟਿਵਾ ਡਿੱਗਣ ਕਾਰਣ ਉਸ 'ਤੇ ਸਵਾਰ ਦੋ ਨੌਜਵਾਨਾਂ 'ਚੋਂ ਇਕ ਨੌਜਵਾਨ ਨਹਿਰ ਦੇ ਤੇਜ਼ ਪਾਣੀ ਦੇ ਵਹਾਅ 'ਚ ਰੁੜ੍ਹ ਗਿਆ ਜਦਕਿ ਦੂਸਰੇ ਲੜਕੇ ਨੂੰ ਰਾਹਗੀਰਾਂ ਨੇ ਡੁੱਬਣ ਤੋਂ ਬਚਾਅ ਲਿਆ ਜੋ ਕਿ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗਰਦਲੇ ਦੇ ਵਸਨੀਕ ਦੋ ਲੜਕੇ ਦਿਸ਼ਾਂਤ ਸੈਣੀ(15) ਪੁੱਤਰ ਜਸਵੀਰ ਸਿੰਘ ਅਤੇ ਚਰਨਜੀਤ ਸਿੰਘ (18) ਪੁੱਤਰ ਰਾਮ ਆਸਰਾ, ਇਕ ਐਕਟਿਵਾ 'ਤੇ ਸਵਾਰ ਹੋ ਕਿ ਪਿੰਡ ਦੇ ਨਜ਼ਦੀਕ ਭਾਖੜਾ ਨਹਿਰ ਦੀ ਪਟੜੀ 'ਤੇ ਲਗਾਏ ਜਾਣ ਵਾਲੇ ਲੰਗਰ ਦੇ ਲਈ ਕੀਤੇ ਜਾ ਰਹੇ ਪ੍ਰਬੰਧਾਂ 'ਚ ਸਹਾਇਤਾ ਕਰਨ ਲਈ ਆਏ ਸਨ, ਜਦੋਂ ਉਹ ਪਿੰਡ ਗਰਦਲੇ ਦੀ ਚੜਾਈ ਚੜ੍ਹ ਕੇ ਨਹਿਰ ਦੀ ਪਟੜੀ ਨੂੰ ਪਏ ਤਾਂ ਉਨ੍ਹਾਂ ਦੀ ਐਕਟਿਵਾ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਜਾ ਡਿੱਗੀ, ਜਿਸ ਕਾਰਣ ਐਕਟਿਵਾ 'ਤੇ ਸਵਾਰ ਦਿਸ਼ਾਂਤ ਸੈਣੀ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ, ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪਿੰਡ ਕਕਰਾਲਾ 'ਚ ਇਕ ਨਿੱਜੀ ਸਕੂਲ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਜਦਕਿ ਦੂਸਰੇ ਸਵਾਰ ਚਰਨਜੀਤ ਸਿੰਘ ਨੂੰ ਮੌਕੇ 'ਤੇ ਇਕਠੇ ਹੋਏ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਨਹਿਰ ਤੋਂ ਬਾਹਰ ਕੱਢ ਲਿਆ ਅਤੇ ਇਲਾਜ ਲਈ ਸੀ.ਐੱਚ.ਸੀ ਭਰਤਗੜ੍ਹ ਪਹੁੰਚਾਇਆ, ਜਿਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਇਲਾਜ ਲਈ ਕਿਤੇ ਹੋਰ ਭੇਜ ਦਿੱਤਾ ਗਿਆ। ਇਸ ਦੌਰਾਨ ਮੌਕੇ 'ਤੇ ਪੁੱਜੀ ਭਰਤਗੜ੍ਹ ਪੁਲਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਐਕਟਿਵਾ ਨੂੰ ਬਾਹਰ ਕੱਢ ਲਿਆ ਅਤੇ ਨਹਿਰ 'ਚ ਰੁੜ੍ਹੇ ਨੌਜਵਾਨ ਦੇ ਵਾਰਸਾਂ ਦੇ ਬਿਆਨ ਲੈ ਕੇ ਨਹਿਰ ਚੋਂ ਉਸਦੀ ਭਾਲ ਤੇਜ਼ ਕਰ ਦਿੱਤੀ ਹੈ।


Karan Kumar

Content Editor

Related News