ਸਿਵਲ ਹਸਪਤਾਲ ’ਚ ਮਹਿਲਾ ਡਾਕਟਰ ’ਤੇ ਲਾਇਆ ਗਲਤ ਐੱਮ. ਐੱਲ. ਆਰ. ਕੱਟਣ ਦਾ ਦੋਸ਼, ਹੋਇਆ ਹੰਗਾਮਾ

07/01/2023 12:57:59 PM

ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਬੀਤੇ ਦਿਨ ਦੁਪਹਿਰ ਸਮੇਂ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੁਝ ਲੋਕਾਂ ਨੇ ਦੋਸ਼ ਲਾਇਆ ਕਿ ਕੁੱਟਮਾਰ ’ਚ ਜ਼ਖ਼ਮੀ ਹੋਏ ਵਿਅਕਤੀ ਦੀ ਐੱਮ. ਐੱਲ. ਆਰ. ਕੱਟਣ ਸਮੇਂ ਡਿਊਟੀ ’ਤੇ ਮੌਜੂਦ ਲੇਡੀ ਡਾਕਟਰ ਨੇ ਗਲਤ ਐੱਮ. ਐੱਲ. ਆਰ. ਕੱਟੀ, ਕਿਉਂਕਿ ਡਾਕਟਰ ਨੇ ਪੈਸਿਆਂ ਦੀ ਮੰਗ ਕੀਤੀ ਸੀ, ਇਨਕਾਰ ਕਰਨ ’ਤੇ ਐੱਮ. ਐੱਲ. ਆਰ. ’ਚ ਸ਼ਾਰਪ ਦੀ ਬਜਾਏ ਬਲੰਡ ਲਿਖਿਆ ਦਿੱਤਾ ਗਿਆ। ਐਮਰਜੈਂਸੀ ਦੇ ਬਾਹਰ ਮਾਹੌਲ ਖ਼ਰਾਬ ਹੋਣ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਤੇ ਥਾਣਾ 4 ਦੇ ਐੱਸ. ਐੱਚ..ਓ. ਮੁਕੇਸ਼ ਕੁਮਾਰ ਪੁਲਸ ਫੋਰਸ ਸਮੇਤ ਪਹੁੰਚ ਗਏ ਸਨ। ਹਸਪਤਾਲ ’ਚ ਤਾਇਨਾਤ ਪੀ. ਈ. ਐੱਸ. ਸੀਜ਼ ਦੇ ਇੰਚਾਰਜ ਸੇਵਾ-ਮੁਕਤ ਕੈਪਟਨ ਯਸ਼ਪਾਲ ਸਿੰਘ ਨੇ ਵੀ ਲੋਕਾਂ ਨੂੰ ਸ਼ਾਂਤ ਕੀਤਾ।

ਗੁੱਸੇ ’ਚ ਆਏ ਲੋਕਾਂ ਨੂੰ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਬੁਲਾ ਕੇ ਮੈਡੀਕਲ ਸੁਪਰਡੈਂਟ ਡਾ. ਗੀਤਾ ਨੇ ਕਾਫ਼ੀ ਦੇਰ ਤੱਕ ਉਨ੍ਹਾਂ ਦੀ ਗੱਲਬਾਤ ਸੁਣੀ ਅਤੇ ਪੂਰੇ ਮਾਮਲੇ ਦੀ ਜਾਂਚ ਕਮੇਟੀ ਦਾ ਗਠਨ ਕੀਤਾ, ਜਿਸ ਤੋਂ ਬਾਅਦ ਗੁੱਸੇ ’ਚ ਆਏ ਲੋਕ ਸ਼ਾਂਤ ਹੋਏ। ਜਾਣਕਾਰੀ ਅਨੁਸਾਰ ਬਲਵਿੰਦਰ ਬੁੱਗਾ ਨੇ ਲਿਖਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਦੇ ਜਾਣਕਾਰ ਬਲਵਿੰਦਰ ਸਿੰਘ ਜੋ ਕਿ ਨੰਬਰਦਾਰ ਕੋਟ ਕਲਾਂ ਵਿਖੇ ਰਹਿੰਦੇ ਸਨ, ’ਤੇ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਹੈ, ਜਿਵੇਂ ਹੀ ਜ਼ਖਮੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਿਊਟੀ ’ਤੇ ਮੌਜੂਦ ਮਹਿਲਾ ਡਾਕਟਰ ਨੇ ਪੈਸਿਆਂ ਦੀ ਮੰਗ ਕੀਤੀ ਤੇ ਸੱਟ ਨੂੰ ਸ਼ਾਰਪ ਨਹੀਂ ਲਿਖਿਆ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

ਮੈਂ ਜੋ ਕੀਤਾ, ਨਿਯਮਾਂ ਅਨੁਸਾਰ ਕੀਤਾ: ਡਾ. ਹਰਵੀਨ ਕੌਰ
ਉੱਥੇ ਹੀ ਮਹਿਲਾ ਡਾਕਟਰ ਨੇ ਆਪਣੇ ’ਤੇ ਲਾਏ ਗਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ ’ਚ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਹੈ, ਜਿੱਥੋਂ ਤੱਕ ਉਸ ’ਤੇ ਲਾਏ ਦੋਸ਼ਾਂ ਦਾ ਸਬੰਧ ਹੈ, ਉਹ ਪੂਰੀ ਤਰ੍ਹਾਂ ਝੂਠੇ ਹਨ। ਜ਼ਖਮੀ ਹੋਏ ਵਿਅਕਤੀ ਦੇ ਸੱਟਾਂ ਲੱਗੀਆਂ। ਉਸ ਨੇ ਐੱਮ. ਐੱਲ. ਆਰ.’ਚ ਇਹੀ ਲਿਖਿਆ ਹੈ। ਅਸਲ ’ਚ ਜ਼ਖਮੀ ਨਾਲ ਆਏ ਬਲਵਿੰਦਰ ਸਿੰਘ ਨੇ ਉਸ ’ਤੇ ਸੱਟ ਨੂੰ ਸ਼ਾਰਪ ਕਰਨ ਲਈ ਪੂਰਾ ਦਬਾਅ ਪਾਇਆ ਸੀ ਪਰ ਡਾਕਟਰ ਹੋਣ ਨਾਤੇ ਉਸ ਨੇ ਕਿਸੇ ਦਬਾਅ ਹੇਠ ਕੰਮ ਨਹੀਂ ਕੀਤਾ। ਇਸ ਦੇ ਨਾਲ ਹੀ ਉਹ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇ ਚੁੱਕੇ ਹਨ, ਕਿਉਂਕਿ ਉਸ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਗਈ ਸੀ। ਦੂਜੇ ਪਾਸੇ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਗੀਤਾ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਲਈ 4 ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ, ਜਿਸ ’ਚ ਡਾ. ਰਾਕੇਸ਼ ਚੋਪੜਾ, ਡਾ. ਪਰਮਿੰਦਰ ਸਿੰਘ, ਡਾ. ਵਰਿੰਦਰ ਕੌਰ, ਤੇ ਡਾ. ਸੁਰਿੰਦਰ ਸ਼ਾਮਲ ਹਨ। ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri