ਲੰਬੇ ਸਮੇ ਤੋਂ ਲਟਕ ਰਿਹਾ ਹੈ ਜੰਡੂ ਸਿੰਘਾ ਪੁਲੀ ਨੂੰ ਚੌੜਾ ਕਰਨ ਦਾ ਕੰਮ

01/10/2020 3:22:43 PM

ਜਲੰਧਰ (ਮਹੇਸ਼) : ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਆਉਂਦੀ ਜੰਡੂ ਸਿੰਘਾ ਪੁਲੀ ਨੂੰ ਚੌੜਾ ਕਰਨ ਲਈ ਚੱਲ ਰਿਹਾ ਕੰਮ ਕਾਫ਼ੀ ਸਮਾਂ ਤੋਂ ਲਟਕ ਰਿਹਾ ਹੈ। ਸੜਕ 'ਤੇ ਪਏ ਹੋਏ ਟੋਏ ਹਰ ਰੋਜ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇੰਨਾ ਹੀ ਨਹੀਂ 1-2 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ । ਤਿੰਨ ਦਿਨ ਪਹਿਲਾਂ ਇਸ ਪੁਲੀ ਦੇ ਨਜ਼ਦੀਕ ਬਸ ਦੀ ਟੱਕਰ ਨਾਲ ਆਦਮਪੁਰ ਨਿਵਾਸੀ 45 ਸਾਲ ਦੇ ਰਵਿਨੰਦਨ ਸ਼ਰਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ । ਅਕਸਰ ਇਸ ਰੋਡ ਤੋਂ ਨਿਕਲਣ ਵਾਲੇ ਕਪੂਰ ਪਿੰਡ ਨਿਵਾਸੀ ਨਰਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਉਹ ਸਮਝਦੇ ਹਨ ਕਿ ਇਸ ਪੁਲੀ ਦਾ ਕੰਮ ਕਾਫ਼ੀ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਕੰਮ 'ਚ ਲਾਪਰਵਾਹੀ ਵੀ ਕੀਤੀ ਜਾ ਰਹੀ ਹੈ ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਪੁਲੀ ਦਾ ਕੰਮ ਜਲਦ ਤੋਂ ਜਲਦ ਪੂਰਾ ਕਰਵਾਇਆ ਜਾਵੇ ਤਾਂ ਕਿ ਇੱਥੇ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਜਲੰਧਰ, ਹੁਸ਼ਿਆਰਪੁਰ ਅਤੇ ਇਸ ਦੇ ਨਾਲ ਲਗਦੇ ਹੋਰ ਇਲਾਕਿਆਂ 'ਚ ਜਾਣ ਵਾਲੇ ਲੋਕਾਂ ਨੂੰ ਵੀ ਰਾਹਤ ਮਿਲ ਸਕੇ । ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਚੁੱਪ ਬੈਠਾ ਰਿਹਾ ਤਾਂ ਹਾਦਸੇ ਵੱਧਦੇ ਜਾਣਗੇ । ਇਸੇ ਤਰ੍ਹਾਂ ਬੋਲੀਨਾ ਸਵੀਟਸ ਜੰਡੂ ਸਿੰਘਾ ਅਤੇ ਨਿਊ ਬੋਲੀਨਾ ਸਵੀਟਸ ਰਾਮਾ ਮੰਡੀ ਦੇ ਮਾਲਕ ਸੁਭਾਸ਼ ਬਠਲਾ ਬੋਲੀਨਾ ਦੋਆਬਾ ਨੇ ਕਿਹਾ ਹੈ ਕਿ ਇਸ ਪੁਲੀ ਦੇ ਚੌੜਾ ਹੋਣ ਨਾਲ ਲੋਕਾਂ ਨੂੰ ਲਾਭ ਤਾਂ ਕਾਫ਼ੀ ਪਹੁੰਚੇਗਾ ਪਰ ਇਸਦਾ ਚੱਲ ਰਿਹਾ ਕੰਮ ਜਲਦ ਪੂਰਾ ਕਰਨਾ ਹੋਵੇਗਾ ।

Anuradha

This news is Content Editor Anuradha