‘ਜਗ ਬਾਣੀ’ ਦੀ ਖ਼ਬਰ ’ਤੇ ਐਕਸ਼ਨ ’ਚ ਪੁਲਸ, ਪੰਜਾਬ ਪੁਲਸ ਅਕੈਡਮੀ 'ਚ ਤਾਇਨਾਤ ਚਿੱਟਾ ਵੇਚਣ ਵਾਲਾ ਗ੍ਰਿਫ਼ਤਾਰ

05/11/2022 6:05:30 PM

ਫਿਲੌਰ (ਭਾਖੜੀ)– ਪੰਜਾਬ ਪੁਲਸ ਅਕੈਡਮੀ ਵਿਚ ਚੱਲ ਰਹੇ ਡਰੱਗ ਰੈਕੇਟ ਦਾ ‘ਜਗ ਬਾਣੀ’ ਵੱਲੋਂ ਪਰਦਾਫ਼ਾਸ਼ ਕੀਤੇ ਜਾਣ ਤੋਂ ਬਾਅਦ ਖ਼ਬਰ ਦੀ ਸੱਚਾਈ ’ਤੇ ਖ਼ੁਦ ਜਾਂਚ ਟੀਮ ਦੇ ਅਧਿਕਾਰੀਆਂ ਨੇ ਮੋਹਰ ਲਾ ਦਿੱਤੀ ਹੈ। ਜਾਂਚ ਅਧਿਕਾਰੀਆਂ ਦੀ ਸਿਫਾਰਿਸ਼ ’ਤੇ ਫਿਲੌਰ ਪੁਲਸ ਥਾਣੇ ਵਿਚ ਐੱਫ਼. ਆਈ. ਆਰ. ਦਰਜ ਕਰ ਲਈ ਗਈ ਹੈ। ਐੱਫ਼. ਆਈ. ਆਰ. ’ਚ ਬਾਕਾਇਦਾ ‘ਜਗ ਬਾਣੀ’ ਵਿਚ ਪ੍ਰਕਾਸ਼ਿਤ ਖ਼ਬਰ ਦਾ ਹਵਾਲਾ ਦਿੱਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਮੁੱਖ ਮੁਲਜ਼ਮ ਅਕੈਡਮੀ ਵਿਚ ਤਾਇਨਾਤ ਇੰਸਟ੍ਰਕਟਰ ਸ਼ਕਤੀ ਕੁਮਾਰ ਅਤੇ ਦੂਜੇ ਮੁਲਾਜ਼ਮ ਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਇੰਝ ਹੋਇਆ ਸੀ ਡਰੱਗ ਰੈਕੇਟ ਦਾ ਪਰਦਾਫਾਸ਼
ਲਗਭਗ ਇਕ ਹਫ਼ਤਾ ਪਹਿਲਾਂ ਪੁਲਸ ਅਕੈਡਮੀ ਵਿਚ ਤਾਇਨਾਤ ਇਕ ਹੌਲਦਾਰ ਰੈਂਕ ਦਾ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਨਾਲ ਕੋਮਾ ਵਿਚ ਚਲਾ ਗਿਆ ਸੀ, ਜਿਸ ਨੂੰ ਇਲਾਜ ਲਈ ਜਦੋਂ ਡੀ. ਐੱਮ. ਸੀ. ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਡਾਕਟਰਾਂ ਮੁਤਾਬਕ ਉਸ ਨੇ ਆਪਣੇ ਪੂਰੇ ਸਰੀਰ ’ਤੇ ਡਰੱਗਜ਼ ਦੇ ਇੰਜੈਕਸ਼ਨ ਲਾਏ ਹੋਏ ਸਨ, ਜਿਸ ਤੋਂ ਬਾਅਦ ‘ਜਗ ਬਾਣੀ’ ਦੀ ਟੀਮ ਨੇ ਅਕੈਡਮੀ ਅੰਦਰ ਪਹੁੰਚ ਕੇ ਦੂਜੇ ਪੁਲਸ ਮੁਲਾਜ਼ਮਾਂ ਅਤੇ ਵੱਡੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਮਾਮਲੇ ਦਾ ਖ਼ੁਾਲਾਸਾ ਹੋਇਆ। ਅਕੈਡਮੀ ਦੇ ਅੰਦਰ ਹੀ ਪੁਲਸ ਮੁਲਾਜ਼ਮ ਦੂਜੇ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ਵਿਚ ਫਸਾ ਕੇ ਉਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਦਿਵਾ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਉਕਤ ਮੁਲਾਜ਼ਮਾਂ ਦਾ ਪਤਾ ਲੱਗਣ ਤੋਂ ਬਾਅਦ ਪੂਰੀ ਘਟਨਾ ਨਾਲ ਸਬੰਧਤ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਿਚ ਹੰਗਾਮਾ ਮਚ ਗਿਆ।

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

PunjabKesari

ਪਰਦਾਫ਼ਾਸ਼ ਹੁੰਦੇ ਹੀ ਜਾਂਚ ਲਈ ਬਿਠਾ ਦਿੱਤੀਆਂ ਸਨ ਟੀਮਾਂ
ਉਕਤ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੱਡੇ ਅਧਿਕਾਰੀਆਂ ਨੇ ਜਾਂਚ ਲਈ ਟੀਮਾਂ ਦਾ ਗਠਨ ਕਰ ਦਿੱਤਾ ਸੀ। ਜਿਵੇਂ ਹੀ ਜਾਂਚ ਸ਼ੁਰੂ ਹੋਈ ਤਾਂ ਟੀਮ ਕੋਲ ਇਕ ਸਿਪਾਹੀ ਰੈਂਕ ਦੇ ਪੁਲਸ ਮੁਲਾਜ਼ਮ ਨੇ ਪੇਸ਼ ਹੋ ਕੇ ਕਈ ਅਹਿਮ ਖ਼ੁਲਾਸੇ ਕੀਤੇ। ਉਸ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਅਕੈਡਮੀ ਵਿਚ ਤਾਇਨਾਤ ਇਕ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਕਿਵੇਂ ਪੁਲਸ ਮੁਲਾਜ਼ਮਾਂ ਨੂੰ ਪਹਿਲਾਂ ਨਸ਼ੇ ਦੀ ਲਤ ਲਾਉਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਰੁਪਏ ਲੈ ਕੇ ਉਨ੍ਹਾਂ ਨੂੰ ਨਸ਼ਾ ਵੇਚਦਾ ਹੈ। ਜਦੋਂ ਮੁਲਾਜ਼ਮ ਕੋਲ ਦੇਣ ਲਈ ਰੁਪਏ ਨਹੀਂ ਹੁੰਦੇ ਤਾਂ ਇਹ ਸ਼ਕਤੀ ਕੁਮਾਰ ਉਨ੍ਹਾਂ ਨੂੰ ਬੈਂਕਾਂ ਤੋਂ ਅਤੇ ਸਥਾਨਕ ਇਕ ਫਾਈਨਾਂਸ ਕੰਪਨੀ ਤੋਂ ਮੋਟੇ ਵਿਆਜ ’ਤੇ ਰੁਪਏ ਲੈ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਕਰਜ਼ੇ ਵਿਚ ਡੁਬੋ ਦਿੰਦਾ ਹੈ। ਉਕਤ ਮੁਲਾਜ਼ਮ ਨੇ ਦਾਅਵਾ ਕੀਤਾ ਸੀ ਕਿ ਇਕੱਲਾ ਉਹ ਹੀ ਹੁਣ ਤਕ ਸ਼ਕਤੀ ਕੁਮਾਰ ਕੋਲੋਂ 12 ਲੱਖ ਰੁਪਏ ਦਾ ਚਿੱਟਾ ਖ਼ਰੀਦ ਚੁੱਕਾ ਹੈ ਅਤੇ ਉਸ ਵਰਗੇ ਅਕੈਡਮੀ ਵਿਚ 8 ਤੋਂ 10 ਮੁਲਾਜ਼ਮ ਹੋਰ ਵੀ ਹਨ ਜੋ ਚਿੱਟੇ ਦੇ ਆਦੀ ਹਨ।

ਚਿੱਟੇ ਕਾਰਨ ਕਈ ਪੁਲਸ ਮੁਲਾਜ਼ਮ ਲੈ ਗਏ ਰਿਟਾਇਰਮੈਂਟ
ਪੰਜਾਬ ਪੁਲਸ ਅਕੈਡਮੀ ਫਿਲੌਰ ਦੇ ਹਾਲਾਤ ਇੰਨੇ ਖ਼ਰਾਬ ਹੋ ਚੁੱਕੇ ਸਨ ਕਿ ਇਥੇ ਤਾਇਨਾਤ ਕੁਝ ਪੁਲਸ ਮੁਲਾਜ਼ਮ ਇਸ ਲਤ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਆਪਣੀਆਂ ਅਤੇ ਆਪਣੇ ਪਰਿਵਾਰ ਵਾਲਿਆਂ ਦੀਆਂ ਜ਼ਿੰਦਗੀਆਂ ਖ਼ਰਾਬ ਕਰ ਚੁੱਕੇ ਸਨ। ਕੁਝ ਪੁਲਸ ਮੁਲਾਜ਼ਮਾਂ ਦੇ ਪਰਿਵਾਰ ਦੇ ਲੋਕ ਇਸ ਗੱਲ ਨੂੰ ਲੈ ਕੇ ਪਛਤਾ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਪੁਲਸ ਵਿਚ ਭਰਤੀ ਹੀ ਕਿਉਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਪੁਲਸ ਮੁਲਾਜ਼ਮ ਇਸ ਭੈੜੀ ਆਦਤ ਵਿਚ ਫਸ ਕੇ ਪੂਰੀ ਤਰ੍ਹਾਂ ਕਰਜ਼ੇ ਵਿਚ ਡੁੱਬ ਗਏ ਸਨ। ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ’ਤੇ ਉਹ ਪੁਲਸ ਮੁਲਾਜ਼ਮ ਨੌਕਰੀ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਅਕੈਡਮੀ ਛੱਡ ਕੇ ਆਪਣੇ ਘਰ ਚਲੇ ਗਏ, ਜਿੱਥੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦਾ ਇਲਾਜ ਕਰਵਾ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ, ਔਰਤਾਂ ਨੇ ਇੱਟਾਂ ਮਾਰ ਵਿਅਕਤੀ ਦਾ ਕੀਤਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News