ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਕਰਨ ਵਾਲੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ

11/16/2020 5:39:30 PM

ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ) : ਲੱਖ ਰੁਪਏ 'ਚ ਵਰਕ ਪਰਮਿਟ 'ਤੇ ਸਾਈਪ੍ਰਸ ਲਿਜਾਣ ਦਾ ਝਾਂਸਾ ਦੇ ਕੇ ਠੱਗੀ ਕਰਨ ਦੇ ਦੋਸ਼ ਵਿਚ ਵਿਦੇਸ਼ 'ਚ ਰਹਿ ਰਹੀ ਇਕ ਔਰਤ ਸਮੇਤ 3 ਲੋਕਾਂ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਸੁਖਜਿੰਦਰ ਪਾਲ ਸਿੰਘ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਖੋਥੜਾ ਨੇ ਦੱਸਿਆ ਕਿ ਉਸ ਦੇ ਪਿੰਡ ਦੀ ਜਸਵਿੰਦਰ ਕੌਰ ਪਤਨੀ ਸਵ. ਹਰਮੇਲ ਲਾਲ ਸਾਈਪ੍ਰਸ 'ਚ ਰਹਿੰਦੀ ਹੈ। ਜੋ ਕਿ ਉਸ ਦੀ ਜਾਣਕਾਰ ਹੈ। ਉਸ ਨੇ ਦੱਸਿਆ ਕਿ 2019 'ਚ ਉਸ ਨੇ ਸਾਈਪ੍ਰਸ ਜਾਣ ਦੀ ਗੱਲ ਉਕਤ ਜਸਵਿੰਦਰ ਕੌਰ ਨਾਲ ਕੀਤੀ ਸੀ, ਜਿਸ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਨੂੰ ਸਾਈਪ੍ਰਸ ਸੱਦਣ ਲਈ ਗੁਰਵਿੰਦਰ ਸਿੰਘ ਗੈਰੀ ਵਾਸੀ ਪਿੰਡ ਰਾਊਕੇ ਕਲਾਂ ਤਹਿਸੀਲ ਨਿਹਾਲ ਸਿੰਘ ਬਾਲਾ ਜ਼ਿਲਾ ਮੋਗਾ ਜੋ ਕਿ ਹੁਣ ਸਾਈਪ੍ਰਸ 'ਚ ਰਹਿੰਦਾ ਹੈ ਦੇ ਨਾਲ ਗੱਲ ਕੀਤੀ ਹੈ।

ਉਸ ਨੇ ਦੱਸਿਆ ਕਿ ਉਕਤ ਜਸਵਿੰਦਰ ਕੌਰ ਨੇ ਉਸ ਦੀ ਗੱਲ ਗੈਰੀ ਨਾਲ ਕਰਾਵਾਈ ਜਿਸ ਨੇ ਉਸ ਨੂੰ 5 ਲੱਖ ਰੁਪਏ ਵਿਚ ਸਾਈਪ੍ਰਸ ਸੱਦਣ ਸੰਬੰਧੀ ਸੌਦਾ ਤੈਅ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਰਾਰ ਦੇ ਤਹਿਤ ਉਸ ਨੇ ਆਪਣੇ ਪਾਸਪੋਰਟ ਸਮੇਤ ਹੋਰ ਦਸਤਾਵੇਜ਼ ਉਕਤ ਗੈਰੀ ਦੇ ਮੋਬਾਇਲ 'ਤੇ ਵਟਸਐਪ ਕਰ ਦਿੱਤੇ। ਉਸ ਨੇ ਦੱਸਿਆ ਕਿ ਗੈਰੀ ਵੱਲੋਂ ਦੱਸਣ 'ਤੇ ਸਾਂਝੀਦਾਰ ਕਰਮਜੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸ਼ਫੀਪੁਰ ਖੁਰਦ ਜ਼ਿਲਾ ਸੰਗਰੂਰ ਦੇ ਬੈਂਕ ਖਾਤੇ 'ਚ ਬਤੌਰ ਪੇਸ਼ਗੀ 15 ਹਜ਼ਾਰ ਰੁਪਏ ਪਾ ਦਿੱਤੇ ਸਨ। ਉਸ ਤੋਂ ਬਾਅਦ 'ਚ ਪਤਾ ਲੱਗਾ ਕਿ ਉਕਤ ਗੈਰੀ ਅਤੇ ਜਸਵਿੰਦਰ ਕੌਰ 5-5 ਲੱਖ 'ਚ ਲੋਕਾਂ ਨੂੰ ਸਾਈਪ੍ਰਸ ਸੱਦਣ ਦਾ ਸੌਦਾ ਤੈਅ ਕਰਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ ਅਤੇ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ 'ਚ ਆਪਣੇ ਇਸ ਗੈਂਗ 'ਚ ਕਈ ਹੋਰ ਲੋਕਾਂ ਨੂੰ ਜੋੜਿਆ ਹੋਇਆ ਹੈ। ਉਸ ਨੇ ਦੱਸਿਆ ਕਿ ਹੋਰ ਲੋਕਾਂ ਤੋਂ ਪੈਸੇ ਲੈਣ ਦੇ ਬਾਅਦ ਸਾਈਪ੍ਰਸ ਨਾ ਸੱਦਣ ਅਤੇ ਬਾਅਦ 'ਚ ਆਪਣਾ ਮੋਬਾਇਲ ਫੋਨ ਬੰਦ ਕਰ ਲੈਣ ਦੀ ਜਾਣਕਾਰੀ ਮਿਲਣ ਦੇ ਬਾਅਦ ਉਸ ਨੇ ਬਾਕੀ ਰਾਸ਼ੀ ਉਸ ਦੇ ਖਾਤੇ 'ਚ ਟਰਾਂਸਫਰ ਨਹੀਂ ਕਰਵਾਈ।

ਐੱਸ.ਐੱਸ.ਪੀ.ਨੂੰ ਦਿੱਤੀ ਸ਼ਿਕਾਇਤ 'ਚ ਸੁਖਜਿੰਦਰਪਾਲ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਪੈਸੇ ਵਾਪਸ ਕਰਵਾਏ ਜਾਣ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਦਿੱਤੀ ਸਿੱਟਾ ਰਿਪੋਰਟ ਦੇ ਆਧਾਰ 'ਤੇ ਥਾਣਾ ਬਹਿਰਾਮ ਦੀ ਪੁਲਸ ਨੇ ਗੁਰਵਿੰਦਰ ਸਿੰਘ ਉਰਫ ਗੈਰੀ, ਜਸਵਿੰਦਰ ਕੌਰ ਅਤੇ ਕਰਮਜੀਤ ਸਿੰਘ ਦੇ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ਼ ਕਰਕੇ ਅੱਗੇ ਕੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸਾਈਪ੍ਰਸ 'ਚ ਰਹਿਣ ਵਾਲੇ ਉਕਤ ਗੈਰੀ ਅਤੇ ਜਸਵਿੰਦਰ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ 'ਚ ਰਹਿਣ ਵਾਲੇ ਕੁਝ ਲੋਕਾਂ ਨੂੰ ਆਪਣੀ ਗੈਂਗ 'ਚ ਸ਼ਾਮਲ ਕਰਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਠੱਗੀ ਕਰਨ ਦੇ ਹੁਣ ਤੱਕ ਕਰੀਬ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਵਿਦੇਸ਼ 'ਚ ਰਹਿਣ ਵਾਲੀ ਜ਼ਿਲੇ ਦੇ ਪਿੰਡ ਖੋਥੜਾ ਦੀ ਮਹਿਲਾ ਆਪਣੀ ਸਕੀ ਭੈਣ ਸਮੇਤ ਜਾਣ ਪਛਾਣ ਵਾਲੇ ਲੋਕਾਂ ਨੂੰ ਵਿਦੇਸ਼ 'ਚ ਸੈੱਟ ਕਰਨ ਦੇ ਝਾਂਸੇ ਵਿਚ ਲੈ ਕੇ ਆਪਣੇ ਜਾਲ 'ਚ ਫਸਾਉਂਦੀ ਹੈ ਜਿਸ ਦੇ ਉਪਰੰਤ ਗੈਂਗ ਦੇ ਹੋਰ ਲੋਕਾਂ ਦੇ ਬੈਂਕ ਖਾਤੇ 'ਚ ਪੈਸੇ ਪੁਆ ਕੇ ਬਾਅਦ 'ਚ ਮੁੱਖ ਦੋਸ਼ੀ ਫੋਨ ਬੰਦ ਕਰ ਲੈਂਦਾ ਹੈ।


cherry

Content Editor

Related News