ਸਹਿਕਾਰੀ ਬੈਂਕ ਚੋਣਾਂ ’ਚ ਜੇਤੂ ਰਹੇ ‘ਆਪ’ ਆਗੂ ਨੂੰ ਅਕਾਲੀ ਦਲ ਨੇ ‘ਆਪਣਾ’ ਦੱਸ ਛੇੜਿਆ ਵਿਵਾਦ

09/01/2022 3:44:58 PM

ਮਾਹਿਲਪੁਰ (ਅਗਨੀਹੋਤਰੀ)-ਬੀਤੇ ਕੱਲ ਮਾਹਿਲਪੁਰ ਵਿਖੇ ਸਹਿਕਾਰੀ ਬੈਂਕ ਦੇ ਜ਼ੋਨ ਨੰਬਰ 2 ਦੀਆਂ ਹੋਈਆਂ ਚੋਣਾਂ ’ਚ ਜੇਤੂ ਰਹੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਫੁਗਲਾਣਾ ਦੀ ਜਿੱਤ ਨੂੰ ਲੈ ਕੇ ਅਕਾਲੀ ਦਲ ਅਤੇ ‘ਆਪ’ ਵਿਚ ਸੋਸ਼ਲ ਮੀਡੀਆ ’ਤੇ ਚੰਗਾ ਘਮਸਾਣ ਮਚ ਗਿਆ। ਮਾਮਲੇ ਨੂੰ ਗੁਰਮੀਤ ਸਿੰਘ ਫੁਗਲਾਣਾ ਨੇ ਉਸ ਵੇਲੇ ਹੋਰ ਵੀ ਦਿਲਚਸਪ ਬਣਾ ਦਿੱਤਾ, ਜਦੋਂ ਉਨ੍ਹਾਂ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਐਲਾਨ ਕੀਤਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਦਿ ਹੁਸ਼ਿਆਰਪੁਰ ਸਹਿਕਾਰੀ ਕੋਆਪ੍ਰੇਟਿਵ ਬੈਂਕ ਦੀਆਂ ਮਾਹਿਲਪੁਰ ਵਿਖੇ ਹੋਈਆਂ ਜ਼ੋਨ ਨੰਬਰ 2 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣੇ ਗੁਰਮੀਤ ਸਿੰਘ ਫੁਗਲਾਣਾ ਨੇ 4 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਮਹਿੰਦਰ ਸਿੰਘ ਡੰਡੇਵਾਲ ਨੂੰ ਹਰਾ ਦਿੱਤਾ ਸੀ। ਅੱਜ ਸਵੇਰੇ ਜਦੋਂ ਫੇਸਬੁੱਕ ਅਤੇ ਸੋਸ਼ਲ ਮੀਡੀਆ ’ਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਆਗੂ ਸੋਹਣ ਸਿੰਘ ਠੰਡਲ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਫੋਟੋ ਸ਼ੇਅਰ ਕਰ ਕੇ ਐਲਾਨ ਕੀਤਾ ਕਿ ਅਕਾਲੀ ਦਲ ਦੇ ਗੁਰਮੀਤ ਸਿੰਘ ਸਹਿਕਾਰੀ ਬੈਂਕ ਦੀਆਂ ਚੋਣਾਂ ’ਚ ਡਾਇਰੈਕਟਰ ਦੀ ਚੋਣ ਜਿੱਤ ਗਏ ਹਨ।

ਉਨ੍ਹਾਂ ਇਕ ਤਸਵੀਰ ਵੀ ਆਪਣੇ ਫੇਸਬੁੱਕ ਅਕਾਊਂਟ ਤੋਂ ਸਾਂਝੀ ਕੀਤੀ, ਜਿਸ ’ਚ ਉਹ ਆਪਣੇ ਘਰ ਗੁਰਮੀਤ ਸਿੰਘ ਫੁਗਲਾਣਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰ ਮੂੰਹ ਮਿੱਠਾ ਕਰਵਾ ਰਹੇ ਹਨ। ਇਸ ਪੋਸਟ ਤੋਂ ਪਹਿਲਾਂ ਸੋਮਵਾਰ ਨੂੰ ਚੋਣਾਂ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਗੁਰਮੀਤ ਸਿੰਘ ਫੁਗਲਾਣਾ ਦੀ ਜਿੱਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਵੱਲੋਂ ਸਾਂਝੀ ਕੀਤੀ ਇਸ ਪੋਸਟ ਨਾਲ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਅਤੇ ਆਮ ਆਦਮੀ ਪਾਰਟੀ ਨੇ ਵੀ ਅਕਾਲੀ ਦਲ ’ਤੇ ਹਮਲੇ ਸ਼ੁਰੂ ਕਰ ਦਿੱਤੇ। ਠੰਡਲ ਦੀ ਪੋਸਟ ਤੋਂ ਦੋ ਘੰਟੇ ਬਾਅਦ ਫੇਸਬੁੱਕ ’ਤੇ ਹੀ ਚੋਣਾਂ ’ਚ ਜੇਤੂ ਰਹੇ ਗੁਰਮੀਤ ਸਿੰਘ ਫੁਗਲਾਣਾ ਨੇ ਆਪਣੀ ਇਕ ਵੀਡੀਓ ਸਾਂਝੀ ਕਰ ਕੇ ਸਪੱਸ਼ਟ ਕੀਤਾ ਕਿ ਉਹ ਤਾਂ ਠੰਡਲ ਸਾਹਿਬ ਕੋਲ ਆਪਣੇ ਨਿੱਜੀ ਕੰਮ ਲਈ ਗਏ ਸਨ ਪਰ ਠੰਡਲ ਨੇ ਆਪਣੇ ਘਰ ’ਚ ਹੀ ਉਨ੍ਹਾਂ ਨੂੰ ਜਿੱਤ ਲਈ ਸਨਮਾਨ ਕਰਨ ਦਾ ਕਹਿ ਕੇ ਸਿਰੋਪਾਓ ਦਿੱਤਾ ਅਤੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਉਨ੍ਹਾਂ ਨੂੰ ਅਕਾਲੀ ਦਲ ਦਾ ਜੇਤੂ ਬਣਾ ਦਿੱਤਾ। ਇਸ ਸਬੰਧੀ ਗੁਰਮੀਤ ਸਿੰਘ ਫ਼ੁਗਲਾਣਾ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਸੋਹਣ ਸਿੰਘ ਠੰਡਲ ਨੂੰ ਉਲਾਂਭਾ ਵੀ ਦਿੱਤਾ ਸੀ ਅਤੇ ਫੋਨ ਕਰ ਕੇ ਉਨ੍ਹਾਂ ਨੂੰ ਇਹ ਪੋਸਟ ਫੇਸਬੁੱਕ ਤੋਂ ਹਟਾਉਣ ਲਈ ਵੀ ਕਿਹਾ ਸੀ ਪਰ ਉਨ੍ਹਾਂ ਇਹ ਪੋਸਟ ਹਟਾਈ ਨਹੀਂ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ‘ਆਪ’ ਵੱਲੋਂ ਹੀ ਜਿੱਤੇ ਹਨ।

ਕੀ ਕਹਿੰਦੇ ਹਨ ਸੋਹਣ ਸਿੰਘ ਠੰਡਲ

ਇਸ ਸਬੰਧੀ ਸੋਹਣ ਸਿੰਘ ਠੰਡਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦੋਵੇਂ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਜਿੱਤੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਵੀ ਗੁਰਮੀਤ ਸਿੰਘ ਫੁਗਲਾਣਾ ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਤਿੰਨ ਚਾਰ ਵੋਟਾਂ ਵੀ ਪੁਆਈਆਂ ਸਨ। ਉਨ੍ਹਾਂ ਕਿਹਾ ਕਿ ਸਨਮਾਨ ਕਰਨਾ ਕੋਈ ਗਲਤ ਕੰਮ ਤਾਂ ਨਹੀਂ।
 

Manoj

This news is Content Editor Manoj