ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਦੀ ਮੌਤ, ਚਾਲਕ ਗੰਭੀਰ ਜ਼ਖਮੀ

07/18/2022 4:03:23 PM

ਨੂਰਪੁਰਬੇਦੀ (ਭੰਡਾਰੀ)-ਅੱਜ ਦੁਪਹਿਰ ਸਮੇਂ ਨੂਰਪੁਰਬੇਦੀ-ਬੁੰਗਾ ਸਾਹਿਬ ਮੁੱਖ ਮਾਰਗ ’ਤੇ ਪਿੰਡ ਬਡ਼ਵਾ ਲਾਗੇ ਵਾਪਰੇ ਇਕ ਸਡ਼ਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਪ੍ਰਵਾਸੀ ਮਜ਼ਦੂਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜ਼ਖ਼ਮੀ ਨੂੰ 108 ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਉਕਤ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ 3 ਪ੍ਰਵਾਸੀ ਮਜ਼ਦੂਰਾਂ ’ਚ ਸ਼ਾਮਲ ਹਰਦੁਆਰੀ ਨਿਵਾਸੀ ਪਿੰਡ ਹੁਸੈਨਪੁਰ, ਜ਼ਿਲਾ ਬਦਾਯੂੰ (ਯੂ. ਪੀ.), ਛੋਟੇ ਲਾਲ ਪੁੱਤਰ ਮਹਿੰਦਰ ਲਾਲ ਨਿਵਾਸੀ ਪਿੰਡ ਅਸਾਮਗੰਜ਼, ਜ਼ਿਲ੍ਹਾ ਬਦਾਯੂੰ ਅਤੇ ਪ੍ਰਦੀਪ ਕੁਮਾਰ ਨਿਵਾਸੀ ਪਿੰਡ ਅਸਾਮਗੰਜ਼ ਜੋ ਦਿਹਾਡ਼ੀ ਦਾ ਕੰਮ ਕਰਦੇ ਹਨ, ਮੋਟਰਸਾਈਕਲ ’ਤੇ ਸਵਾਰ ਹੋ ਕੇ ਬੁੰਗਾ ਸਾਹਿਬ ਵੱਲੋਂ ਨੂਰਪੁਰਬੇਦੀ ਨੂੰ ਆ ਰਹੇ ਸਨ।

ਪਿੰਡ ਬਡ਼ਵਾ ਲਾਗੇ ਪਹੁੰਚਣ ’ਤੇ ਉਨ੍ਹਾਂ ਦਾ ਮੋਟਰਸਾਈਕਲ ਅੱਗੇ ਜਾਂਦੀ ਇਕ ਕਾਰ ਦੇ ਚਾਲਕ ਵੱਲੋਂ ਅਚਾਨਕ ਬ੍ਰੇਕ ਲਗਾਉਣ ’ਤੇ ਟਕਰਾਉਣ ਉਪਰੰਤ ਉਹ ਤਿੰਨੋਂ ਜਣੇ ਸਡ਼ਕ ’ਤੇ ਡਿੱਗ ਪਏ। ਇਸ ਦੌਰਾਨ ਇਕ ਨਾਮਾਲੂਮ ਵਾਹਨ ਨੇ ਸਡ਼ਕ ’ਤੇ ਡਿੱਗੇ ਮੋਟਰਸਾਈਕਲ ਸਵਾਰ ਹਰਦੁਆਰੀ ਦਾ ਸਿਰ ਕੁਚਲ ਦਿੱਤਾ, ਜਿਸ ’ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਛੋਟੇ ਲਾਲ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਹਾਦਸੇ ਦੌਰਾਨ ਤੀਸਰੇ ਮਜ਼ਦੂਰ ਪ੍ਰਦੀਪ ਕੁਮਾਰ ਦਾ ਵਾਲ-ਵਾਲ ਬਚਾਅ ਹੋ ਗਿਆ। ਏ. ਐੱਸ. ਆਈ. ਰਾਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


Manoj

Content Editor

Related News