ਗੋਪਾਲ ਨਗਰ ’ਚ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ

11/09/2018 5:55:53 AM

ਜਲੰਧਰ   (ਵਰੁਣ)-  ਦੀਵਾਲੀ ਦੀ ਰਾਤ ਗੋਪਾਲ ਨਗਰ ਸਥਿਤ ਕਰਿਆਨੇ ਦੀ ਦੁਕਾਨ ਨੂੰ  ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਵੀ ਕਈ ਥਾਵਾਂ ’ਤੇ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ। ਅੱਗ ਲੱਗਣ ਦਾ ਕਾਰਨ ਅਾਤਿਸ਼ਬਾਜ਼ੀ ਦੀਅਾਂ ਚੰਗਿਆੜੀਅਾਂ ਦੱਸੀਅਾਂ ਜਾ ਰਹੀਅਾਂ ਹਨ। ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਅਾਂ ਹੀ ਫਾਇਰ ਬ੍ਰਿਗੇਡ ਵਿਭਾਗ ਦੀਅਾਂ 2 ਗੱਡੀਅਾਂ ਮੌਕੇ ’ਤੇ ਪਹੁੰਚ ਗਈਅਾਂ। ਜਦੋਂ ਤੱਕ ਅੱਗ ਨੂੰ ਬੁਝਾਇਆ ਗਿਆ, ਉਦੋਂ ਤੱਕ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਇਸੇ ਤਰ੍ਹਾਂ ਬੂਟਾ ਪਿੰਡ ’ਚ ਲੱਕੜੀ ਦੇ ਕਬਾੜ ਨੂੰ, ਗਰੀਨ ਪਾਰਕ ’ਚ ਕੂੜੇ ਨੂੰ, ਰਵਿਦਾਸ ਮੰਦਰ ਰੋਡ ’ਤੇ ਸਥਿਤ ਇਕ ਦੁਕਾਨ ਸਮੇਤ ਗੋਲਡਨ ਐਵੇਨਿਊ ’ਚ ਲੱਗਣ ਵਾਲੇ ਕੂੜੇ ਦੇ ਢੇਰ ਨੂੰ ਅੱਗ ਲੱਗਣ ਦੀ ਸੂਚਨਾ ਨਾਲ ਫਾਇਰ ਬ੍ਰਿਗੇਡ ਦੀਅਾਂ ਗੱਡੀਅਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ਨੂੰ ਬੁਝਾਇਆ। ਰਵਿਦਾਸ ਮੰਦਰ ਰੋਡ ’ਤੇ ਸਥਿਤ ਦੁਕਾਨ ’ਚ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋ ਗਿਆ।