8 ਮਹੀਨਿਆਂ ਤੋਂ ਗਰਭਵਤੀ ਨੂੰ ਦਾਜ ਖਾਤਰ ਘਰੋਂ ਕੱਢਿਆ

06/14/2019 4:12:05 AM

ਕਪੂਰਥਲਾ, (ਭੂਸ਼ਣ)- ਦਾਜ ਦੀ ਖਾਤਰ ਇਕ ਵਿਆਹੁਤਾ ਨੂੰ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢਣ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 2 ਔਰਤਾਂ ਸਮੇਤ 4 ਮੁਲਜ਼ਮਾਂ ਖਿਲਾਫ ਧਾਰਾ 323, 498ਏ, 406, 34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਰਜਾਪੁਰ ਵਾਸੀ ਇਕ ਔਰਤ ਨੇ ਥਾਣਾ ਸਦਰ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਸਾਲ 2017 ਵਿਚ ਵਿਆਹ ਰੋਹਿਤ ਉਰਫ ਲੱਕੀ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਰਜਾਪੁਰ ਦੇ ਨਾਲ ਹੋਇਆ ਸੀ। ਜਿਸ ’ਚ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਦੇ ਮੁਤਾਬਕ ਦਾਜ ਦਿੱਤਾ ਸੀ। ਵਿਆਹ ਦੇ ਕੁਝ ਦਿਨਾਂ ਦੇ ਬਾਅਦ ਉਸ ਦਾ ਪਤੀ ਰੋਹਿਤ ਉਰਫ ਲੱਕੀ ਆਬੂਧਾਬੀ ਚਲਾ ਗਿਆ। ਜਿਸ ਦੌਰਾਨ ਉਸ ਦਾ ਸਹੁਰਾ ਕਸ਼ਮੀਰੀ ਲਾਲ, ਸੱਸ ਸੁਦੇਸ਼, ਨਣਦ ਜੋਤੀ ਉਸ ਨੂੰ ਘੱਟ ਦਾਜ ਦਾ ਤਾਹਨਾ ਮਾਰ ਕੇ ਪ੍ਰੇਸ਼ਾਨ ਕਰਨ ਲੱਗੇ ਅਤੇ ਉਸ ਨਾਲ ਕੁੱਟ-ਮਾਰ ਦਾ ਦੌਰ ਸ਼ੁਰੂ ਕਰ ਦਿੱਤਾ। ਉਹ ਫੋਨ ’ਤੇ ਜਦੋਂ ਆਪਣੇ ਪਤੀ ਨੂੰ ਸਾਰੇ ਘਟਨਾਕ੍ਰਮ ਦੇ ਬਾਰੇ ’ਚ ਦੱਸਦੀ ਤਾਂ ਉਹ ਉਸ ਨੂੰ ਫੋਨ ’ਤੇ ਗਾਲ੍ਹਾਂ ਕੱਢਣ ਲੱਗ ਪੈਦਾ ਸੀ ਅਤੇ ਹੋਰ ਵੀ ਦਾਜ ਲਿਆਉਣ ਲਈ ਦਬਾਅ ਪਾਉਂਦਾ ਸੀ । ਜਿਸ ਦੌਰਾਨ ਉਸ ਨੂੰ ਕਈ ਵਾਰ ਆਪਣੇ ਪੇਕੇ ਵੀ ਜਾਣਾ ਪਿਆ ਪਰ ਉਸ ਦੇ ਪਿਤਾ ਨੇ ਉਸ ਦਾ ਘਰ ਵਸਾਉਣ ਦੀ ਖਾਤਰ ਉਸ ਨੂੰ ਵਾਪਸ ਸਹੁਰੇ ਘਰ ਭੇਜ ਦਿੱਤਾ।

ਇਸ ਦੌਰਾਨ ਉਸ ਦਾ ਪਤੀ ਆਬੂਧਾਬੀ ਤੋਂ ਵਾਪਸ ਆ ਗਿਆ ਅਤੇ ਉਸ ’ਤੇ ਛੋਟਾ ਹਾਥੀ ਲੈਣ ਲਈ ਦਬਾਅ ਪਾਉਣ ਲੱਗਾ। ਜਿਸ ਦੌਰਾਨ ਉਹ 8 ਮਹੀਨੇ ਦੀ ਗਰਭਵਤੀ ਹੋ ਗਈ। ਜਿਸ ਲਈ ਡਾਕਟਰੀ ਉਪਚਾਰ ਲਈ ਸਾਰੇ ਮੁਲਜ਼ਮ ਉਸ ਤੋਂ ਪੇਕੇ ਘਰ ਤੋਂ ਹੋਰ ਵੀ ਰਕਮ ਲਿਆਉਣ ਦਾ ਦਬਾਅ ਪਾਉਣ ਲੱਗੇ। ਜਦੋਂ ਉਸ ਨੇ ਇੰਨੀ ਰਕਮ ਲਿਆਉਣ ਤੋਂ ਮਨਾ ਕਰ ਦਿੱਤਾ ਤਾਂ ਉਸਨੂੰ ਮਾਰ ਕੁੱਟ ਕਰ ਘਰ ਤੋਂ ਕੱਢ ਦਿੱਤਾ ਗਿਆ। ਜਿਸ ਦੌਰਾਨ ਉਸਦੇ ਕਾਫੀ ਸੱਟਾ ਲੱਗੀਆਂ ਅਤੇ ਉਹ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਲਈ ਦਾਖਲ ਹੋ ਗਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਪੀਡ਼ਤਾ ਦੇ ਬਿਆਨ ’ਤੇ ਰੋਹਿਤ ਉਰਫ ਲੱਕੀ, ਸੁਦੇਸ਼, ਕਸ਼ਮੀਰੀ ਲਾਲ ਅਤੇ ਜੋਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

Bharat Thapa

This news is Content Editor Bharat Thapa