ਮਾਮਲਾ 783 ਪੇਟੀਆਂ ਸ਼ਰਾਬ ਦੀ ਬਰਾਮਦਗੀ ਦਾ, ਸਮੱਗਲਰ ਕਾਲਾ ਰਾਏਪੁਰ ਦੀ ਜ਼ਮਾਨਤ ਅਰਜ਼ੀ ਰੱਦ

02/05/2020 5:37:16 PM

ਜਲੰਧਰ (ਵਰੁਣ)— ਖੁਦ ਨੂੰ ਕਾਂਗਰਸੀ ਆਗੂ ਕਹਿਲਾਉਣ ਵਾਲਾ ਸ਼ਰਾਬ ਸਮੱਗਲਰ ਦਲਜੀਤ ਸਿੰਘ ਉਰਫ ਕਾਲਾ ਰਾਏਪੁਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਹੁਣ ਉਸ ਨੇ ਮਾਣਯੋਗ ਹਾਈਕੋਰਟ 'ਚ ਜ਼ਮਾਨਤ ਲਾਈ ਹੋਈ ਹੈ। 7 ਜਨਵਰੀ ਤੋਂ ਹੀ ਮੁਲਜ਼ਮ ਸਮੱਗਲਰ ਕਾਲਾ ਲੁਕਦਾ ਫਿਰ ਰਿਹਾ ਹੈ।

7 ਜਨਵਰੀ ਨੂੰ ਕੇਸ ਦਰਜ ਹੋਣ ਤੋਂ ਬਾਅਦ ਕਾਲਾ ਦੀ ਜ਼ਮਾਨਤ ਦੀ ਅਰਜ਼ੀ ਮਾਣਯੋਗ ਵਰੁਣ ਨਾਗਪਾਲ, ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ 'ਚ ਲਾਈ ਸੀ, ਜਿਸ ਨੂੰ 22 ਜਨਵਰੀ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਪੁਲਸ ਕਾਲ਼ਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਪਰ ਕਾਲਾ ਹਰ ਵਾਰ ਪੁਲਸ ਨੂੰ ਚਕਮਾ ਦੇ ਕੇ ਆਪਣੀ ਲੋਕੇਸ਼ਨ ਬਦਲ ਲੈਂਦਾ ਹੈ। ਦੱਸ ਦੇਈਏ ਕਿ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਇੰਡਸਟਰੀ ਅਸਟੇਟ 'ਚ ਸਥਿਤ ਇਕ ਗੋਦਾਮ 'ਚ ਛਾਪੇਮਾਰੀ ਕਰਕੇ 783 ਪੇਟੀਆਂ ਸ਼ਰਾਬ ਦੀਆਂ ਫੜੀਆਂ ਸੀ। ਮੌਕੇ ਤੋਂ ਕਾਲਾ ਦਾ ਕਰਿੰਦਾ ਕ੍ਰਿਸ਼ਨ ਕਾਂਤ ਫੜਿਆ ਗਿਆ ਸੀ ਅਤੇ ਇਕ ਗੱਡੀ ਵੀ ਜ਼ਬਤ ਕੀਤੀ ਗਈ ਸੀ।

ਜਾਂਚ 'ਚ ਪਤਾ ਲਗਾ ਕਿ ਸਾਰੀ ਸ਼ਰਾਬ ਦਲਜੀਤ ਸਿੰਘ ਉਰਫ ਕਾਲਾ ਪੁੱਤਰ ਸੁੱਚਾ ਸਿੰਘ ਵਾਸੀ ਰਾਏਪੁਰ ਰਸੂਲਪੁਰ ਦੀ ਹੈ। ਪੁਲਸ ਨੇ ਦਲਜੀਤ ਕਾਲਾ ਅਤੇ ਕ੍ਰਿਸ਼ਨ ਕਾਂਤ ਖਿਲਾਫ ਕੇਸ ਦਰਜ ਕਰ ਲਿਆ ਸੀ ਪਰ ਕਾਲਾ ਫਰਾਰ ਹੋ ਚੁੱਕਾ ਸੀ। ਸਾਰੀ ਸ਼ਰਾਬ ਚੰਡੀਗੜ੍ਹ ਤੋਂ ਮੰਗਵਾਈ ਗਈ ਸੀ। ਕਾਲਾ ਕਾਫੀ ਸਮੇਂ ਤੋਂ ਸ਼ਰਾਬ ਸਮੱਗਲਿੰਗ ਦੇ ਧੰਦੇ 'ਚ ਹੈ ਜੋ ਜਲੰਧਰ 'ਚ ਕਾਫ਼ੀ ਵੱਡੇ ਲੈਵਲ 'ਤੇ ਸ਼ਰਾਬ ਸਮੱਗਲਿੰਗ ਕਰ ਰਿਹਾ ਸੀ। ਇਸ ਸਮੱਗਲਰ 'ਤੇ ਕੁਝ ਆਗੂਆਂ ਦਾ ਵੀ ਹੱਥ ਵੀ ਹੈ, ਜਿਸ ਦੇ ਜ਼ੋਰ 'ਤੇ ਉਹ ਜਲੰਧਰ 'ਚ ਆਪਣੇ ਸ਼ਰਾਬ ਦੇ ਧੰਦੇ ਨੂੰ ਕਾਫੀ ਵੱਡੇ ਪੱਧਰ 'ਤੇ ਪਹੁੰਚਾ ਚੁੱਕਾ ਹੈ।


shivani attri

Content Editor

Related News