ਹੁਸ਼ਿਆਰਪੁਰ ਜ਼ਿਲ੍ਹੇ ’ਚ 19 ਥਾਵਾਂ ’ਤੇ ਪਟਾਕੇ ਵੇਚਣ ਲਈ 57 ਆਰਜ਼ੀ ਲਾਇਸੈਂਸ ਹੋਣਗੇ ਜਾਰੀ

09/30/2022 1:08:33 PM

ਹੁਸ਼ਿਆਰਪੁਰ (ਘੁੰਮਣ)-ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਦੱਸਿਆ ਇਸ ਸਾਲ ਦੀਵਾਲੀ ਦੇ ਤਿਓਹਾਰ ਦੌਰਾਨ ਪ੍ਰਚੂਨ ਵਿਚ ਪਟਾਕੇ ਵੇਚਣ ਸਬੰਧੀ ਟੈਂਪਰੇਰੀ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਆਰਜ਼ੀ ਲਾਇਸੈਂਸ ਡਰਾਅ ਪ੍ਰਕਿਰਿਆ ਰਾਹੀਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਰਖਾਸਤਾਂ ਸਬੰਧਤ ਉੱਪ ਮੰਡਲ ਮੈਜਿਸਟਰੇਟ ਦਫ਼ਤਰ ਵਿਖੇ ਪ੍ਰਾਪਤ ਕੀਤੀਆਂ ਜਾਣਗੀਆਂ। ਚਾਹਵਾਨ ਵਿਅਕਤੀ 30 ਸਤੰਬਰ ਤੋਂ 7 ਅਕਤੂਬਰ ਤੱਕ ਸ਼ਾਮ 5 ਵਜੇ ਤੱਕ ਆਪਣੇ ਇਲਾਕੇ ਦੇ ਸਬੰਧਤ ਉੱਪ ਮੰਡਲ ਮੈਜਿਸਟਰੇਟ ਦਫ਼ਤਰ ਵਿਖੇ ਸਥਿਤ ਸੇਵਾ ਕੇਂਦਰ ਰਾਹੀਂ ਫ਼ੀਸ ਜਮ੍ਹਾ ਕਰਵਾ ਕੇ ਦਰਖ਼ਾਸਤ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਆਪਣੀ ਦਰਖਾਸਤ ਨਾਲ ਇਕ ਸਵੈ-ਘੋਸ਼ਣਾ ਪੱਤਰ, ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਰਿਹਾਇਸ਼ ਸਬੰਧੀ ਪਰੂਫ਼/ਆਧਾਰ ਕਾਰਡ ਦੀ ਕਾਪੀ ਲਗਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਹ ਆਰਜ਼ੀ ਲਾਇਸੈਂਸ ਡਰਾਅ ਪ੍ਰਕਿਰਿਆ/ਲਾਟਰੀ ਸਿਸਟਮ ਰਾਹੀਂ 10 ਅਕਤੂਬਰ ਨੂੰ ਸਵੇਰੇ 10 ਵਜੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੇ ਮੀਟਿੰਗ ਹਾਲ ਵਿਖੇ ਅਲਾਟ ਕੀਤੇ ਜਾਣਗੇ।

ਇਹ ਆਰਜ਼ੀ ਲਾਇਸੈਂਸ ਕੇਵਲ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਥਾਵਾਂ ’ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਆਮ ਜਨਤਾ ਨੂੰ ਹਦਾਇਤ ਕੀਤੀ ਕਿ ਇਸ ਪ੍ਰਕਿਰਿਆ/ਡਰਾਅ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਪ੍ਰਾਰਥੀ ਪ੍ਰਚੂਨ ਪਟਾਕੇ ਵੇਚਣ ਸਬੰਧੀ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀਆਂ ਥਾਵਾਂ ਲਈ ਆਪਣੀਆਂ ਦਰਖਾਸਤਾਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਰਿਟੇਲ ਪਟਾਕੇ ਵੇਚਣ ਲਈ ਜ਼ਿਲੇ ਵਿਚ 19 ਥਾਵਾਂ ਲਈ 57 ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ

ਉਨ੍ਹਾਂ ਦੱਸਿਆ ਕਿ ਅਸਥਾਈ ਲਾਇਸੈਂਸ ਅਤੇ ਨਿਸ਼ਚਿਤ ਕੀਤੇ ਗਏ ਸਥਾਨਾਂ ਤੋਂ ਇਲਾਵਾ ਜੇਕਰ ਕੋਈ ਪਟਾਕਾ ਵਿਕਰੇਤਾ ਪਟਾਕੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਹੁਸ਼ਿਆਰਪੁਰ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਹੁਸ਼ਿਆਰਪੁਰ ਲਈ 14, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ ਹੁਸ਼ਿਆਰਪੁਰ) ਲਈ 6, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 2, ਰਾਮਲੀਲਾ ਗਰਾਊਂਡ ਹਰਿਆਣਾ ਲਈ 3, ਬੁੱਲ੍ਹੋਵਾਲ ਖੁੱਲ੍ਹੇ ਸਥਾਨ ’ਤੇ ਇਕ ਅਤੇ ਚੱਬੇਵਾਲ ਖੁੱਲ੍ਹੇ ਸਥਾਨ ’ਤੇ ਇਕ ਲਾਇਸੈਂਸ ਜਾਰੀ ਕੀਤਾ ਜਾਵੇਗਾ। ਸਬ-ਡਵੀਜ਼ਨ ਗੜ੍ਹਸ਼ੰਕਰ ਲਈ ਮਿਲਟਰੀ ਗਰਾਊਂਡ ਲਈ 4, ਮਾਹਿਲਪੁਰ-ਫਗਵਾੜਾ ਰੋਡ ’ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜਗ੍ਹਾ ਲਈ 3, ਕੋਟ ਫਤੂਹੀ ਦੇ ਬਿੰਜੋ ਰੋਡ ’ਤੇ ਪਈ ਖਾਲੀ ਜਗ੍ਹਾ ’ਤੇ 2 ਲਾਇਸੈਂਸ ਜਾਰੀ ਕੀਤੇ ਜਾਣਗੇ।

ਦਸੂਹਾ ਸਬ-ਡਿਵੀਜ਼ਨ ਵਿਚ ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 3, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 2, ਖਾਲਸਾ ਕਾਲਜ ਦੀ ਗਰਾਊਂਡ ਗੜ੍ਹਦੀਵਾਲਾ ਲਈ 2, ਸ਼ਿਮਲਾ ਪਹਾੜੀ ਪਾਰਕ ਉੜਮੁੜ ਲਈ 3, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੀ ਗਰਾਊਂਡ ਲਈ 2 ਲਾਇਸੈਂਸ ਜਾਰੀ ਕੀਤੇ ਜਾਣਗੇ। ਇਸੇ ਤਰ੍ਹਾਂ ਮੁਕੇਰੀਆਂ ਸਬ-ਡਵੀਜ਼ਨ ਵਿਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 2, ਦੁਸਹਿਰਾ ਗਰਾਊਂਡ ਹਾਜੀਪੁਰ ਲਈ 2, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਲਈ 2 ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News