ਪ੍ਰਾਪਰਟੀਆਂ ਦੀ ਈ-ਨੀਲਾਮੀ ਰਾਹੀਂ ਵਿਭਾਗ ਨੇ ਕਮਾਏ 52.36 ਕਰੋਡ਼ ਰੁਪਏ : ਵਿਨੀ ਮਹਾਜਨ

02/13/2019 5:00:02 AM

 ਚੰਡੀਗਡ਼੍ਹ/ਰੂਪਨਗਰ, (ਵਿਜੇ)- ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨੀਲਾਮੀ ਰਾਹੀਂ ਕਰੀਬ 52.36 ਕਰੋਡ਼ ਰੁਪਏ ਦੀ ਕਮਾਈ ਕੀਤੀ ਹੈ। ਮੋਹਾਲੀ ਏਰੀਆ ਵਿਕਾਸ ਅਥਾਰਟੀ, ਪਟਿਆਲਾ ਵਿਕਾਸ ਅਥਾਰਟੀ, ਬਠਿੰਡਾ ਵਿਕਾਸ ਅਥਾਰਟੀ, ਲੁਧਿਆਣਾ ਏਰੀਆ ਵਿਕਾਸ ਅਥਾਰਟੀ ਦੀਆਂ ਪ੍ਰਾਪਰਟੀਆਂ ਦੀ ਈ-ਨੀਲਾਮੀ ਬੀਤੇ ਦਿਨ ਸਮਾਪਤ ਹੋ ਗਈ ਹੈ, ਜਦੋਂਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਅਤੇ ਜਲੰਧਰ ਵਿਕਾਸ ਅਥਾਰਟੀ ਵਲੋਂ ਪੇਸ਼ ਪ੍ਰਾਪਰਟੀਆਂ ਦੀ ਈ-ਨੀਲਾਮੀ ਅੱਜ ਖਤਮ ਹੋਈ। ਦੱਸਣਯੋਗ ਹੈ ਕਿ ਇਹ ਈ-ਨੀਲਾਮੀ 1 ਫਰਵਰੀ ਨੂੰ ਸ਼ੁਰੂ ਹੋਈ ਸੀ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਵਧੀਕ ਮੁੱਖ ਸਕੱਤਰ, ਚੇਅਰਪਰਸਨ ਗਮਾਡਾ ਮੈਡਮ ਵਿਨੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੇ  ਸੈਕਟਰ 32 ਏ ਚੰਡੀਗਡ਼੍ਹ-ਲੁਧਿਆਣਾ ਰੋਡ, ਲੁਧਿਆਣਾ ’ਚ ਸਥਿਤ ਇਕ ਸਕੂਲ ਸਾਈਟ 4.89 ਕਰੋਡ਼ ਰੁਪਏ ’ਚ ਨੀਲਾਮ ਹੋਈ। ਇਸ ਤੋਂ ਇਲਾਵਾ ਮੋਹਾਲੀ, ਲੁਧਿਆਣਾ, ਪਟਿਆਲਾ, ਜਲੰਧਰ, ਬਠਿੰਡਾ, ਫਿਲੌਰ, ਕਪੂਰਥਲਾ ਤੇ ਨਾਭਾ ’ਚ ਸਥਿਤ ਬੂਥ, ਐੱਸ. ਸੀ. ਓ, ਦੁਕਾਨਾਂ, ਡਬਲ ਸਟੋਰੀ ਦੁਕਾਨਾਂ ਤੇ ਰਿਹਾਇਸ਼ੀ ਪਲਾਟ ਵੀ ਨੀਲਾਮ ਹੋਏ। ਨੀਲਾਮੀ ਰਾਹੀਂ ਗਮਾਡਾ ਨੂੰ 9.26 ਕਰੋਡ਼ ਰੁਪਏ, ਗਲਾਡਾ ਨੂੰ 14.37 ਕਰੋਡ਼ ਰੁ., ਪੀ. ਡੀ. ਏ. ਨੂੰ 5.17 ਕਰੋਡ਼ ਰੁ., ਬੀ. ਡੀ. ਏ. ਨੂੰ 3.64 ਕਰੋਡ਼ ਰੁ., ਜੇ. ਡੀ. ਏ. ਨੂੰ 11.26 ਕਰੋਡ਼ ਰੁ. ਅਤੇ ਏ. ਡੀ. ਏ. ਨੂੰ 8.66 ਕਰੋਡ਼ ਰੁ. ਦਾ ਮਾਲੀਆ ਪ੍ਰਾਪਤ ਹੋਇਆ। ਗਮਾਡਾ ਦੇ ਅਧਿਕਾਰ ਖੇਤਰ ’ਚ ਪੈਂਦੇ ਕੁੱਲ 9 ਸਾਈਟ ਈ-ਨੀਲਾਮੀ ਰਾਹੀਂ ਵੇਚੇ ਗਏ। ਨੀਲਾਮੀ ’ਚ ਸੈਕਟਰ 60 (ਬੂਥ ਨੰ. 161) ਲਈ 1,10,93,155 ਰੁ. ਦੀ ਬੋਲੀ ਪ੍ਰਾਪਤ ਹੋਈ। ਸੈਕਟਰ 68 ਦੇ ਬੂਥ ਨੰ. 8 ਲਈ 1,16,09,701 ਰੁ. ਅਤੇ ਸੈਕਟਰ 64 ਦੇ ਬੂਥ ਨੰ. 12 ਲਈ 1,00,15,336 ਰੁ. ਦੀ ਬੋਲੀ ਪ੍ਰਾਪਤ ਹੋਈ। ਸੈਕਟਰ 61 ਦੇ ਪੰਜ ਬੂਥਾਂ ਦੀ ਨੀਲਾਮੀ ਕੀਤੀ ਗਈ। ਇਨ੍ਹਾਂ ’ਚੋਂ ਬੂਥ ਨੰ. 4 ਲਈ 85,07,125 ਰੁ., ਬੂਥ ਨੰ. 143 ਲਈ 85,33,669 ਰੁ., ਬੂਥ ਨੰ. 154 ਲਈ 86,03,821 ਰੁ., ਬੂਥ ਨੰ. 155 ਲਈ 85,62,109 ਰੁ. ਦੀ ਬੋਲੀ ਪ੍ਰਾਪਤ ਹੋਈ ਅਤੇ 92,78,797 ਰੁ. ਦੀ ਬੋਲੀ ਬੂਥ ਨੰ. 271 ਲਈ ਪ੍ਰਾਪਤ ਹੋਈ। ਇਸ ਤੋਂ ਇਲਾਵਾ ਸੈਕਟਰ 64 ’ਚ 219.48 ਵਰਗ ਮੀ. ਦੇ ਰਿਹਾਇਸ਼ੀ ਪਲਾਟ ਲਈ 1,64,48,929 ਰੁ. ਦੀ ਬੋਲੀ ਪ੍ਰਾਪਤ ਹੋਈ।