ਲੁੱਟਾਂ-ਖੋਹਾਂ ਕਰਨ ਵਾਲੇ 5 ਨੌਜਵਾਨ ਚੜ੍ਹੇ ਪੁਲਸ ਅੜਿੱਕੇ

02/17/2019 5:27:40 PM

ਜਲੰਧਰ (ਸੋਨੂੰ,ਵਰੁਣ)— ਸੀ. ਆਈ. ਏ. ਸਟਾਫ-2 ਦਿਹਾਤੀ ਨੇ ਥ੍ਰੀ ਵ੍ਹੀਲਰ ਲੁਟੇਰਾ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਥ੍ਰੀ ਵ੍ਹੀਲਰ ਅਤੇ ਲੋਕਾਂ ਤੋਂ ਲੁੱਟੇ ਹੋਏ ਵੱਖ-ਵੱਖ ਬੈਂਕਾਂ ਦੇ 8 ਏ. ਟੀ. ਐੱਮ. ਬਰਾਮਦ ਕੀਤੇ ਹਨ। ਐੈੱਸ. ਐੈੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀ. ਆਈ. ਏ. ਸਟਾਫ-1 ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ 'ਚ ਐੈੱਸ. ਆਈ. ਸੁਰਿੰਦਰ ਸਿੰਘ ਨੇ ਆਪਣੀ ਟੀਮ ਨਾਲ ਪਚਰੰਗਾ ਨੇੜੇ ਨਾਕਾਬੰਦੀ ਕਰਕੇ ਤਿੰਨ ਆਟੋਜ਼ 'ਚ ਸਵਾਰ 5 ਲੋਕਾਂ ਨੂੰ ਕਾਬੂ ਕੀਤਾ ਹੈ। ਪੁਲਸ ਨੇ ਤਿੰਨ ਆਟੋਜ਼ 'ਤੇ ਲੱਗੇ ਨੰਬਰ ਚੈੱਕ ਕੀਤੇ ਤਾਂ ਤਿੰਨੋਂ ਨੰਬਰ ਜਾਅਲੀ ਸਨ। ਤਿੰਨਾਂ ਆਟੋਜ਼ 'ਤੇ ਐਕਟਿਵਾ ਦੇ ਨੰਬਰ ਲੱਗੇ ਹੋਏ ਸਨ। ਪੁਲਸ ਨੇ ਤਿੰਨੇ ਆਟੋਜ਼ 'ਚੋਂ ਕਾਬੂ ਕੀਤੇ ਪੰਜ ਨੌਜਵਾਨਾਂ ਤੋਂ ਪੁੱਛਗਿਛ ਕੀਤੀ ਤਾਂ ਮੁਲਜ਼ਮਾਂ ਦੀ ਪਛਾਣ ਤਰਲੋਚਨ ਸਿੰਘ ਉਰਫ ਗੋਲਡੀ ਵਾਸੀ ਬਾਬਕ ਦਰੀਆ, ਟਾਂਡਾ, ਅੰਕੁਸ਼ ਉਰਫ ਰਿੰਕੂ ਪੁੱਤਰ ਸੁਰਿੰਦਰ ਜੇਸਮ ਵਾਸੀ ਸੂਰਾਨੁੱਸੀ, ਜਤਿੰਦਰ ਉਰਫ ਬੱਚਾ (22) ਤੇ ਬੱਚਾ ਦਾ ਸਕਾ ਭਰਾ ਕੁਲਦੀਪ ਪਾਲਾ (23) ਪੁੱਤਰ ਗੁਰਮੀਤ ਸਿੰਘ ਵਾਸੀ ਬਸਤੀ ਨੌ ਦੇ ਰੂਪ 'ਚ ਹੋਈ। ਪੁੱਛਗਿੱਛ 'ਚ ਪਤਾ ਲੱਗਾ ਕਿ ਇਹ ਲੋਕ ਸਵਾਰੀਆਂ ਚੁੱਕ ਕੇ ਰਾਹ 'ਚ ਉਨ੍ਹਾਂ ਦੀ ਜੇਬ ਕੱਟ ਲੈਂਦੇ ਸਨ ਤੇ ਬਾਅਦ 'ਚ ਉਨ੍ਹਾਂ ਦੇ ਏ. ਟੀ. ਐੈੱਮ. 'ਚੋਂ ਲੱਖਾਂ ਰੁਪਏ ਕੱਢ ਲੈਂਦੇ ਸਨ। ਇੰਸ. ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਗੈਂਗ  ਬੱਸ ਸਟੈਂਡ, ਨਕੋਦਰ ਚੌਕ ਤੋਂ ਸਵਾਰੀਆਂ ਚੁੱਕ ਕੇ ਭੋਗਪੁਰ-ਜਲੰਧਰ ਰੂਟ 'ਤੇ ਸੁੰਨਸਾਨ ਥਾਵਾਂ 'ਤੇ ਲਿਜਾ ਕੇ ਉਨ੍ਹਾਂ ਨੂੰ ਲੁੱਟ ਲੈਂਦੇ  ਸਨ। ਥਾਣਾ ਰਾਮਾ ਮੰਡੀ 'ਚ ਵੀ ਇਸ ਗੈਂਗ ਖਿਲਾਫ ਕੇਸ ਦਰਜ ਹਨ, ਜਿਸ 'ਚ ਇਹ ਲੋੜੀਂਦੇ ਸਨ। ਪੁਲਸ ਨੇ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਲਿਆ। ਮੁਲਜ਼ਮਾਂ ਤੋਂ ਤਿੰਨ ਆਟੋਜ਼ ਅਤੇ ਅੱਠ ਏ. ਟੀ. ਐੈੱਮ. ਬਰਾਮਦ ਕੀਤੇ ਹਨ ਜਿਹੜੇ ਲੋਕਾਂ ਦੇ ਏ. ਟੀ. ਐੈੱਮ. ਮਿਲੇ ਹਨ ਉਨ੍ਹਾਂ ਤੋਂ ਪੁੱਛਗਿੱਛ 'ਚ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਕਿੰਨੇ ਪੈਸੇ ਕੱਢੇ ਗਏ ਹਨ। ਬਰਾਮਦ ਕੀਤੇ ਆਟੋਜ਼ ਚੋਰੀ ਦੇ ਹਨ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਲੋਕ ਨਸ਼ਾ ਕਰਨ ਦੇ ਵੀ ਆਦੀ ਹਨ।
ਪੈਸੇ ਕੱਢਣ ਦਾ ਤਰੀਕਾ
ਇਹ ਗੈਂਗ ਕਾਫੀ ਚਲਾਕ ਹੈ ਜਿਹੜੇ ਏ. ਟੀ. ਐੈੱਮ. ਕਾਰਡ ਪਿਛੇ ਪਾਸਵਰਡ ਲਿਖਿਆ ਹੁੰਦਾ ਸੀ, ਉਸ 'ਚੋਂ ਤਾਂ ਉਹ ਆਸਾਨੀ ਨਾਲ ਪੈਸੇ ਕੱਢ ਲੈਂਦੇ ਸਨ ਪਰ ਜਿਹੜੇ ਏ. ਟੀ. ਐੈੱਮ. ਕਾਰਡ ਦੇ ਪਿੱਛੇ ਪਾਸਵਰਡ ਨਹੀਂ ਲਿਖਿਆ ਹੁੰਦਾ ਸੀ ਉਸ ਏ. ਟੀ. ਐੈੱਮ. ਦੀ ਵੀ ਵਰਤੋਂ ਕਰ ਲੈਦੇ ਸਨ ਪਾਸਵਰਡ ਨਾ ਮਿਲਣ 'ਤੇ ਇਸ ਗੈਂਗ ਦੇ ਮੈਂਬਰ ਜਿਸ ਬੈਂਕ ਦਾ ਏ. ਟੀ. ਐੈੱਮ. ਹੁੰਦਾ ਸੀ ਉਸ ਦੇ ਏ. ਟੀ. ਐੈੱਮ. ਰੂਮ ਦੇ ਬਾਹਰ ਖੜ੍ਹੇ ਹੋ ਜਾਂਦੇ ਸਨ। ਜਿਉਂ ਹੀ ਕੋਈ ਬਜ਼ੁਰਗ ਆਉਂਦਾ ਤਾਂ ਉਸ ਦੀ ਮਦਦ ਕਰਨ ਦਾ ਬਹਾਨਾ ਲਗਾ ਕੇ ਬਜ਼ੁਰਗਾਂ ਦਾ ਪਾਸਵਰਡ ਜਾਣ ਲੈਂਦੇ ਸਨ। ਪੈਸੇ ਕੱਢਣ ਤੋਂ ਬਾਅਦ ਬਜ਼ੁਰਗਾਂ ਨੂੰ ਏ. ਟੀ. ਐੈੱਮ. ਕਾਰਡ ਵਾਪਸ ਦਿੱਤਾ ਜਾਂਦਾ ਸੀ ਉਹ ਸਵਾਰੀ ਦਾ ਹੁੰਦਾ ਸੀ ਜਦੋਂਕਿ ਗੈਂਗ ਦੇ ਮੈਂਬਰ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਏ. ਟੀ. ਐੈੱਮ. 'ਚੋਂ ਸਾਰੀ ਰਕਮ ਕੱਢ ਲੈਂਦੇ ਸਨ।
ਪੀੜਤ ਤੋਂ ਨਹੀਂ ਲੈਂਦੇ ਸਨ ਕਿਰਾਇਆ
ਇੰਸ. ਸ਼ਿਵ ਕੁਮਾਰ ਨੇ ਦੱਸਿਆ ਕਿ ਜਿਸ ਸਵਾਰੀ ਦੀ ਇਹ ਲੋਕ ਜੇਬ ਕੱਟ ਲੈਂਦੇ ਸਨ, ਉਨ੍ਹਾਂ ਤੋਂ ਉਹ ਕਿਰਾਇਆ ਨਹੀਂ ਲੈਂਦੇ ਸਨ। ਇਸ ਦਾ ਕਾਰਨ ਇਹ ਹੈ ਕਿ ਵਾਰਦਾਤ ਕਰਨ ਦੇ ਸਮੇਂ ਤਿੰਨ ਆਟੋਜ਼ ਅੱਗੇ ਪਿੱਛੇ ਹੁੰਦੇ ਸਨ। ਜਿਸ ਆਟੋ 'ਚ ਸਵਾਰੀਆਂ ਹੁੰਦੀਆਂ ਸਨ, ਉਨ੍ਹਾਂ ਵਿਚ ਗੈਂਗ ਦਾ ਇਕ ਮੈਂਬਰ ਹੁੰਦਾ ਸੀ। ਜੇਬ ਕੱਟਣ ਤੋਂ ਬਾਅਦ ਉਹ ਆਟੋ ਚਾਲਕ ਨੂੰ ਇਸ਼ਾਰਾ ਕਰਦਾ ਸੀ, ਜਿਸ ਤੋਂ ਬਾਅਦ ਆਟੋ ਚਾਲਕ ਚੈਕਿੰਗ ਤੇ ਹੋਰ ਬਹਾਨਾ ਲਾ ਕੇ ਆਟੋ ਉਥੇ ਰੋਕ ਲੈਂਦਾ ਸੀ। ਉਸ ਤੋਂ ਬਾਅਦ ਆਟੋ ਚਾਲਕ ਆਪਣੇ ਗੈਂਗ ਦੇ ਪਿੱਛੋਂ ਆ ਰਹੇ ਆਟੋ ਨੂੰ ਰੋਕ ਕੇ ਸਵਾਰੀਆਂ ਨੂੰ ਉਸ 'ਚ ਟ੍ਰਾਂਸਫਰ ਕਰ ਲੈਂਦੇ ਸਨ ਜਿਵੇਂ ਹੀ ਆਪਣੀ ਮੰਜ਼ਿਲ 'ਤੇ ਜਾ ਕੇ ਸਵਾਰੀ ਨੂੰ ਪਰਸ ਗਾਇਬ ਮਿਲਦਾ ਤਾਂ ਆਟੋ ਚਾਲਕ ਬਿਨਾਂ ਪੈਸੇ ਲਏ ਵਾਪਸ ਆ ਜਾਂਦਾ ਸੀ।

shivani attri

This news is Content Editor shivani attri